ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦਿਨ ਦਿਹਾੜੇ ਗੋਲੀ ਲੱਗਣ ਦੀ ਖ਼ਬਰ ਮਿਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹੁਣ ਖਬਰ ਆ ਰਹੀ ਹੈ ਕਿ ਸਿੱਧੂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਨਸਾ ਦੇ ਪਿੰਡ ਜਵਾਹਰਕੇ 'ਚ ਉਸ 'ਤੇ ਗੋਲੀਬਾਰੀ ਹੋਈ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਹਮਲੇ 'ਚ ਸਿੱਧੂ ਦੇ ਦੋ ਸਾਥੀ ਵੀ ਜ਼ਖਮੀ ਹੋਏ ਹਨ। ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ 'ਚ ਪੁਲਿਸ ਨੇ ਦੋ ਗੱਡੀਆਂ ਸਮੇਤ ਕੁਝ ਸ਼ੱਕੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਜਿੰਨ੍ਹਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਜਾਰੀ ਹੈ।
ਕੱਲ੍ਹ ਵਕੀਲ ਨੂੰ ਫੋਨ ਕਰਕੇ ਦੱਸਿਆ ਖਤਰਾ!
ਇੱਕ ਰਿਪੋਰਟ ਮੁਤਾਬਿਕ ਸਿੱਧੂ ਮੂਸੇਵਾਲਾ ਨੇ ਕੱਲ੍ਹ ਹੀ ਆਪਣੇ ਵਕੀਲ ਨਾਲ ਗੱਲ ਕੀਤੀ ਸੀ। ਜਿਸ ਵਿੱਚ ਉਸ ਨੇ ਜਾਨ ਦਾ ਖਤਰਾ ਦੱਸਿਆ ਸੀ। ਮੂਸੇਵਾਲਾ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਬਿਨਾਂ ਕੋਈ ਨੋਟਿਸ ਦਿੱਤੇ ਅਚਾਨਕ ਉਨ੍ਹਾਂ ਦੀ ਸੁਰੱਖਿਆ ਘਟਾ ਦਿੱਤੀ ਹੈ। ਇਸ ਲਈ ਇਸ ਲਈ ਕੋਈ ਹੋਰ ਪ੍ਰਬੰਧ ਕਰਨਾ ਪਵੇਗਾ। ਸਿੱਧੂ ਦੇ ਕਤਲ 'ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸਵਾਲ ਕੀਤਾ ਕਿ ਮੂਸੇਵਾਲ ਦੀ ਸੁਰੱਖਿਆ ਕਿਉਂ ਹਟਾਈ ਗਈ। ਸਿਰਸਾ ਨੇ ਦੋਸ਼ ਲਾਇਆ ਕਿ ਗਾਇਕ ਦੀ ਮੌਤ ਸਰਕਾਰ ਦੀ ਅਣਗਹਿਲੀ ਕਾਰਨ ਹੋਈ ਹੈ।
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਸੀ। ਇਕ ਰਿਪੋਰਟ ਮੁਤਾਬਿਕ ਸਿੱਧੂ ਨੂੰ 4 ਗੰਨਮੈਨ ਦਿੱਤੇ ਗਏ ਸਨ। ਪਰ ਪੰਜਾਬ ਸਰਕਾਰ ਨੇ ਸੁਰੱਖਿਆ ਘਟਾ ਕੇ ਉਸ ਨੂੰ ਸਿਰਫ਼ ਦੋ ਗੰਨਮੈਨ ਦਿੱਤੇ ਹਨ।ਮੁੱਢਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਆਪਣੇ ਸਾਥੀਆਂ ਨਾਲ ਕਾਰ ਰਾਹੀਂ ਜਾ ਰਿਹਾ ਸੀ। ਕਾਲੇ ਰੰਗ ਦੀ ਕਾਰ 'ਚ ਸਵਾਰ ਦੋ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਰਾਜਾ ਵੜਿੰਗ ਨੇ ਲਗਾਈ ਬਲੈਕ ਡੇਅ ਦੀ ਪ੍ਰੋਫਾਈਲ:ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਆਪਣੇ ਸ਼ੋਸ਼ਲ ਮੀਡੀਆ ਦੇ ਪ੍ਰੋਫਾਈਲ 'ਤੇ ਇੱਕ ਤਸਵੀਰ ਲਗਾਈ ਹੈ ਜਿਸ ਉਪਰ ਲਿਖਿਆ ਹੈ ਬਲੈਕ ਡੇਅ RIP Sidhu mosewala
ਗੈਂਗਸਟਰ ਗੋਲਡੀ ਬਰਾੜ ਨੇ ਲਈ ਹਮਲੇ ਦੀ ਜ਼ਿੰਮੇਵਾਰੀ:ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਮਾਨਸਾ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਗੈਂਗਸਟਰਾਂ ਦਾ ਕੰਮ ਜਾਪਦਾ ਹੈ। ਇੱਕ ਫੇਸਬੁੱਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਖਬਰਾਂ ਮੁਤਾਬਿਕ ਗੋਲਡੀ ਬਰਾੜ ਕੈਨੇਡਾ 'ਚ ਰਹਿ ਰਿਹਾ ਹੈ, ਗੋਲਡੀ ਬਰਾੜ ਪੁਲਿਸ ਦੀ ਸੂਚੀ 'ਚ ਮੋਸਟ ਵਾਂਟੇਡ ਗੈਂਗਸਟਰ ਹੈ।
ਕੌਣ ਹੈ ਗੋਲਡੀ ਬਰਾੜ?:ਬਰਾੜ, ਜਿਸਦਾ ਅਸਲੀ ਨਾਮ ਸਤਿੰਦਰ ਸਿੰਘ ਹੈ, ਭਾਰਤ ਵਿੱਚ ਕਈ ਹੋਰ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ। ਗੋਲਡੀ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ। ਮਈ ਵਿੱਚ ਹੀ ਪੰਜਾਬ ਦੇ ਫਿਰੋਜ਼ਪੁਰ ਦੀ ਇੱਕ ਅਦਾਲਤ ਨੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ ਦੇ ਮਾਮਲੇ ਵਿੱਚ ਗੋਲਡੀ ਬਰਾੜ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ 1 ਮਈ 2022 ਨੂੰ ਬਠਿੰਡਾ ਤੋਂ ਗ੍ਰਿਫਤਾਰ ਕੀਤਾ ਸੀ।
ਇੱਕ ਰਿਪੋਰਟ ਅਨੁਸਾਰ ਗੋਲਡੀ ਬਰਾੜ ਦੇ ਕਰੀਬੀ ਦੋਸਤ ਮਾਲਵਾ ਖੇਤਰ ਦੇ ਇੱਕ ਉੱਘੇ ਕਾਰੋਬਾਰੀ ਤੋਂ ਪੈਸੇ ਵਸੂਲਣ ਲਈ ਉਸ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 30 ਕੈਲੀਬਰ ਦੇ ਦੋ ਪਿਸਤੌਲ, 32 ਕੈਲੀਬਰ ਦੇ ਦੋ ਪਿਸਤੌਲ, 20 ਕਾਰਤੂਸ ਅਤੇ ਇਕ ਚਿੱਟੇ ਰੰਗ ਦੀ ਆਈ-20 ਕਾਰ ਬਰਾਮਦ ਕੀਤੀ ਹੈ। ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਘਟਨਾ ਸਥਾਨ ਦੀ ਸੀਸੀਟੀਵੀ ਆਈ ਸਾਹਮਣੇ
ਸੀਐਮ ਭਗਵੰਤ ਮਾਨ ਨੇ ਕੀਤਾ ਟਵੀਟ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਨ੍ਹਾਂ ਕਿਹਾ ਕਿਸਿੱਧੂ ਮੂਸੇਵਾਲਾ ਦੇ ਬੇਹੱਦ ਭਿਆਨਕ ਕਤਲ ਤੋਂ ਡੂੰਘੇ ਦੁੱਖ ਅਤੇ ਸਦਮੇ 'ਚ ਹਾਂ..ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੀ ਦਿਲੋਂ ਹਮਦਰਦੀ ਅਤੇ ਪ੍ਰਾਰਥਨਾਵਾਂ ਪਰਿਵਾਰ ਅਤੇ ਦੁਨੀਆ ਭਰ ‘ਚ ਵਸਦੇ ਉਸ ਦੇ ਪ੍ਰਸ਼ੰਸਕਾਂ ਦੇ ਨਾਲ ਹਨ ਅਤੇ ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਾ ਹਾਂ।
ਅਰਵਿੰਦ ਕੇਜਰੀਵਾਲ ਦਾ ਟਵੀਟ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਨ ਨੇ ਟਵੀਟ ਕਰ ਕੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਹੈ। ਮੈਂ ਹੁਣੇ ਹੀ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਨਾਲ ਗੱਲ ਕੀਤੀ ਹੈ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਮੈਂ ਸਾਰਿਆਂ ਨੂੰ ਸ਼ਾਂਤ ਰਹਿਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਬੇਨਤੀ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।