ਪੰਜਾਬ

punjab

ETV Bharat / state

ਬੇਰੁਜ਼ਗਾਰੀ ਭੱਤਾ: ਸਰਕਾਰ ਦੀ ਨਵੀਂ ਸਾਲਾਨਾ ਆਮਦਨ ਸ਼ਰਤ ਨੇ ਨੌਜਵਾਨ ਪਾਏ ਭੰਬਲਭੂਸੇ 'ਚ - mansa Unemployment story

ਪੰਜਾਬ ਸਰਕਾਰ ਦੀ ਬੇਰੁਜ਼ਗਾਰੀ ਭੱਤੇ ਲਈ ਪਰਿਵਾਰ ਦੀ 12 ਹਜ਼ਾਰ ਰੁਪਏ ਸਾਲਾਨਾ ਤੋਂ ਘੱਟ ਆਮਦਨ ਦੀ ਸ਼ਰਤ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਭੰਬਲਭੂਸੇ ਵਿੱਚ ਪਾਇਆ ਰੱਖਿਆ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਾਅਦੇ ਤੋਂ ਭੱਜ ਰਹੀ ਹੈ ਕਿਉਂਕਿ ਕੋਈ ਵੀ ਨੌਜਵਾਨ ਇਸ ਸ਼ਰਤ ਨੂੰ ਪੂਰਾ ਨਹੀਂ ਕਰ ਸਕੇਗਾ ਅਤੇ ਕੋਈ ਭੱਤੇ ਦੇ ਯੋਗ ਵੀ ਨਹੀਂ ਰਹੇਗਾ।

ਬੇਰੁਜ਼ਗਾਰੀ ਭੱਤਾ: ਸਰਕਾਰ ਦੀ ਨਵੀਂ ਸਾਲਾਨਾ ਆਮਦਨ ਸ਼ਰਤ ਨੇ ਨੌਜਵਾਨ ਪਾਏ ਭੰਬਲਭੂਸੇ
ਬੇਰੁਜ਼ਗਾਰੀ ਭੱਤਾ: ਸਰਕਾਰ ਦੀ ਨਵੀਂ ਸਾਲਾਨਾ ਆਮਦਨ ਸ਼ਰਤ ਨੇ ਨੌਜਵਾਨ ਪਾਏ ਭੰਬਲਭੂਸੇ

By

Published : Sep 8, 2020, 6:17 AM IST

ਮਾਨਸਾ: ਘਰ-ਘਰ ਰੁਜ਼ਗਾਰ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕਰਕੇ ਪੰਜਾਬ ਦੀ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਦਾ ਤਿੰਨ ਸਾਲ ਤੋਂ ਉੱਪਰ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਹੈ ਪਰ ਅਜੇ ਤੱਕ ਵੀ ਨੌਜਵਾਨ ਬੇਰੁਜ਼ਗਾਰੀ ਭੱਤੇ ਦੀ ਉਡੀਕ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਸਰਕਾਰ ਨੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਲੈਣ ਲਈ ਪਰਿਵਾਰ ਦੀ ਸਾਲਾਨਾ ਆਮਦਨ 12 ਹਜ਼ਾਰ ਰੁਪਏ ਹੱਦ ਤੈਅ ਕੀਤੀ ਹੈ। ਬੇਰੁਜ਼ਗਾਰ ਨੌਜਵਾਨਾਂ ਦਾ ਕਹਿਣਾ ਹੈ ਕਿ ਸਰਕਾਰ ਜਾਣਬੁੱਝ ਕੇ ਇਸ ਤਰ੍ਹਾਂ ਦੀਆਂ ਸ਼ਰਤਾਂ ਰੱਖ ਰਹੀ ਹੈ, ਜੋ ਬੇਰੁਜ਼ਗਾਰ ਨੌਜਵਾਨ ਪੂਰੀਆਂ ਨਹੀਂ ਕਰ ਸਕਦਾ ਅਤੇ ਆਪਣੇ-ਆਪ ਬੇਰੁਜ਼ਗਾਰੀ ਭੱਤੇ ਦੇ ਅਯੋਗ ਬਣ ਜਾਵੇਗਾ।

ਇਸ ਮੌਕੇ ਬੇਰੁਜ਼ਗਾਰ ਨੌਜਵਾਨ ਪ੍ਰਦੀਪ ਗੁਰੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਘਰ-ਘਰ ਰੁਜ਼ਗਾਰ ਅਤੇ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਪਰ ਹੁਣ ਸਰਕਾਰ ਨੇ ਭੱਤਾ ਤਾਂ ਕੀ ਦੇਣਾ ਬਲਕਿ ਨਵੀਂ ਸ਼ਰਤ ਲਾਗੂ ਕਰ ਦਿੱਤੀ ਹੈ ਕਿ ਜਿਸ ਨੌਜਵਾਨ ਦਾ ਇੱਕ ਹਜ਼ਾਰ ਰੁਪਏ ਮਹੀਨਾ ਆਮਦਨ ਹੈ, ਉਸ ਨੂੰ ਹੀ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ, ਜਦੋਂ ਕਿ ਇਸ ਸ਼ਰਤ ਨੂੰ ਕੋਈ ਵੀ ਨੌਜਵਾਨ ਪੂਰਾ ਨਹੀਂ ਕਰ ਸਕਦਾ।

ਬੇਰੁਜ਼ਗਾਰੀ ਭੱਤਾ: ਸਰਕਾਰ ਦੀ ਨਵੀਂ ਸਾਲਾਨਾ ਆਮਦਨ ਸ਼ਰਤ ਨੇ ਨੌਜਵਾਨ ਪਾਏ ਭੰਬਲਭੂਸੇ

ਇੱਕ ਨੌਜਵਾਨ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗ੍ਰੈਜੂਏਸ਼ਨ ਪਾਸ ਹੈ, ਪਰ ਅਜੇ ਵੀ ਬੇਰੁਜ਼ਗਾਰ ਹੈ। ਉਸ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਨਾ ਤਾਂ ਨੌਕਰੀ ਦਿੱਤੀ ਹੈ ਤੇ ਨਾ ਹੀ ਬੇਰੁਜ਼ਗਾਰੀ ਭੱਤਾ। ਨੌਜਵਾਨਾਂ ਨੇ ਮੰਗ ਕੀਤੀ ਕਿ ਜਾਂ ਤਾਂ ਸਰਕਾਰ ਉਨ੍ਹਾਂ ਨੂੰ ਨੌਕਰੀ ਦੇਵੇ ਜਾਂ ਫਿਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।

ਉਧਰ, ਜ਼ਿਲ੍ਹਾ ਰੁਜ਼ਗਾਰ ਅਫ਼ਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਦੱਸਿਆ ਕਿ ਮਾਨਸਾ ਬਿਊਰੋ ਦਫ਼ਤਰ ਤੋਂ ਜ਼ਿਲ੍ਹੇ ਵਿੱਚ ਕਿਸੇ ਨੌਜਵਾਨ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਲਈ ਸ਼ਰਤਾਂ ਬਹੁਤ ਜ਼ਿਆਦਾ ਸਖ਼ਤ ਹਨ, ਜਿਨ੍ਹਾਂ ਨੂੰ ਕੋਈ ਵੀ ਨੌਜਵਾਨ ਪੂਰਾ ਨਹੀਂ ਕਰਦਾ। ਇਨ੍ਹਾਂ ਵਿੱਚੋਂ ਇੱਕ ਸ਼ਰਤ ਹੈ ਕਿ ਨੌਜਵਾਨ ਦੇ ਪਰਿਵਾਰ ਦੀ ਸਾਲਾਨਾ 12 ਹਜ਼ਾਰ ਤੋਂ ਆਮਦਨ ਘੱਟ ਹੋਣੀ ਚਾਹੀਦੀ ਹੈ, ਜੋ ਕਿ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨੇ ਤੋਂ ਵੀ ਉਨ੍ਹਾਂ ਦੀ ਆਮਦਨ ਘੱਟ ਹੋਣੀ ਚਾਹੀਦੀ ਹੈ। ਇਸ ਸਬੰਧੀ ਬਾਕਾਇਦਾ ਨੌਜਵਾਨਾਂ ਨੂੰ ਦਫਤਰ ਵੱਲੋਂ ਜਾਗਰੂਕ ਵੀ ਕੀਤਾ ਜਾਂਦਾ ਹੈ।

ਇਸ ਦੇ ਨਾਲ ਹੀ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੀ ਇੰਚਾਰਜ ਡਾ. ਮਨੋਜ ਬਾਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਰੁਜ਼ਗਾਰੀ ਭੱਤੇ ਨੂੰ ਖਤਮ ਕਰਕੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਿੱਧਾ ਰੁਜ਼ਗਾਰ ਹੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2500 ਰੁਪਏ ਭੱਤੇ ਨਾਲ ਮੌਜੂਦਾ ਸਮੇਂ ਗੁਜਾਰਾ ਨਹੀਂ ਹੁੰਦਾ, ਜਿਸ ਦਾ ਪੰਜਾਬ ਸਰਕਾਰ ਨੂੰ ਪਤਾ ਹੈ। ਇਸ ਲਈ ਨੌਜਵਾਨਾਂ ਨੂੰ ਭੱਤੇ ਦੀ ਥਾਂ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਉਹ ਲੌਕਡਾਊਨ ਦੇ ਇਸ ਸਮੇਂ ਵਿੱਚ ਆਪਣੇ ਪੈਰਾਂ 'ਤੇ ਖੜੇ ਹੋ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ।

ABOUT THE AUTHOR

...view details