ਮਾਨਸਾ: ਪਿੰਡ ਉਡਤ ਸੈਦੇਵਾਲਾ ਵਿਖੇ ਜ਼ਮੀਨ ਦੇ ਲਾਲਚ 'ਚ ਖ਼ੂਨ ਹੀ ਖ਼ੂਨ ਦਾ ਦੁਸ਼ਮਣ ਬਣ ਬੈਠਾ। 2 ਭੈਣਾਂ ਨੇ ਆਪਣੇ ਇਕਲੌਤੇ ਭਰਾ ਦਾ ਬੇਰਹਮੀ ਨਾਲ ਕਤਲ ਕਰ ਲਾਸ਼ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ। ਪੁਲਿਸ ਨੇ ਦੋਸ਼ੀ ਦੋਹਾਂ ਭੈਣਾਂ ਅਤੇ ਉਨ੍ਹਾਂ ਦੇ ਪਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਚੋਂ ਇੱਕ ਭੈਣ ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਹੈ।
ਜ਼ਮੀਨ ਦੇ ਲਾਲਚ 'ਚ ਖ਼ੂਨ ਹੀ ਬਣਿਆ ਖ਼ੂਨ ਦਾ ਦੁਸ਼ਮਣ, ਭੈਣਾਂ ਨੇ ਕੀਤਾ ਇਕਲੌਤੇ ਭਰਾ ਦਾ ਕਤਲ - ਮਾਨਸਾ
ਮਾਨਸਾ ਦੇ ਪਿੰਡ ਉਡਤ ਸੈਦੇਵਾਲਾ ਵਿਖੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋ ਭੈਣਾਂ ਨੇ ਪਤੀਆਂ ਨਾਲ ਮਿਲਕੇ ਆਪਣੇ ਹੀ ਇਕਲੌਤੇ ਭਰਾ ਦਾ ਜ਼ਮੀਨ ਦੀ ਲਾਲਚ 'ਚ ਕਤਲ ਕਰ ਦਿੱਤਾ ਹੈ। ਇਸ ਮਾਮਲੇ 'ਚ ਪੁਲਿਸ ਨੇ ਇੱਕ ਭੈਣ 'ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਕ ਭਰਾ ਦੀ ਪਛਾਣ ਗੁਰਚਰਨ ਸਿੰਘ ਵਜੋਂ ਹੋਈ ਹੈ। ਗੁਰਚਰਨ ਸਿੰਘ ਨੇ ਕੁੱਝ ਦਿਨ ਪਹਿਲਾ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪਾ ਕੇ ਇਨਸਾਫ਼ ਦੀ ਗੁਹਾਰ ਲਗਾਈ ਸੀ। ਇਸ ਵੀਡੀਓ 'ਚ ਗੁਰਚਰਨ ਸਿੰਘ ਨੇ ਆਪਣੀਆਂ ਭੈਣਾਂ 'ਤੇ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਸਨ। ਵੀਡੀਓ ਵਿਚ ਉਸ ਨੇ ਕਿਹਾ ਸੀ ਕਿ ਉਸ ਦੀ ਪਤਨੀ ਕੁਝ ਸਮਾਂ ਪਹਿਲਾਂ ਹੀ ਉਸ ਤੋ ਅਲੱਗ ਕਰ ਦਿੱਤੀ ਗਈ ਅਤੇ ਉਹ ਆਪਣੇ ਬੇਟੇ ਦੀ ਫ਼ੀਸ ਦੇ ਲਈ ਜਦੋਂ ਪੈਸੇ ਲੈਣ ਲਈ ਗਿਆ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਘਰ ਬੁਲਾ ਕੇ ਕੁੱਟਮਾਰ ਕਰਕੇ ਜਾਨ ਤੋਂ ਮਾਰ ਦਿੱਤਾ।
ਥਾਣਾ ਬੋਹਾ ਦੇ ਐਸ.ਐਚ.ਓ. ਗੁਰਮੇਲ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਨੂੰ ਕਤਲ ਸਬੰਧੀ ਪੰਜ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਮਾਮਲੇ ਵਿੱਚ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਗਿਆ ਸੀ ਕਿ ਗੁਰਚਰਨ ਸਿੰਘ ਦੀ ਕੰਧ ਤੋ ਡਿੱਗਣ ਨਾਲ ਮੌਤ ਹੋਈ ਹੈ, ਪਰ ਪੁਲਿਸ ਨੇ ਜਦੋਂ ਛਾਣਬੀਣ ਕੀਤੀ ਤਾਂ ਇਹ ਕਤਲ ਦਾ ਮਾਮਲਾ ਸਾਬਤ ਹੋਇਆ। ਇਸ ਕਤਲ ਵਿੱਚ ਮ੍ਰਿਤਕ ਗੁਰਚਰਨ ਸਿੰਘ ਦੀਆਂ ਦੋ ਭੈਣਾਂ, ਉਨ੍ਹਾਂ ਦੇ ਪਤੀ ਤੇ ਇੱਕ ਭਾਣਜਾ ਸ਼ਾਮਿਲ ਹੈ। ਪੁਲਿਸ ਨੇ ਉਸ ਦੀ ਇੱਕ ਭੈਣ ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਰਿਮਾਂਡ ਤੇ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਸਰੇ ਪਾਸੇ ਫੜੇ ਵਿਅਕਤੀ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਕਿਹਾ ਕਿ ਉਸ ਨੂੰ ਬਹੁਤ ਜ਼ਿਆਦਾ ਪਛਤਾਵਾ ਹੈ।