ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਹਨ। ਇਸ ਦੇ ਚੱਲਦਿਆਂ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰ ਵੀ ਐਲਾਨੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਕਾਂਗਰਸ ਵਲੋਂ ਅੱਜ 86 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਕਾਂਗਰਸ ਵਲੋਂ ਮਾਨਸਾ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਟਿਕਟ ਦਿੱਤੀ ਗਈ ਹੈ। ਜਿਸ ਦੇ ਚੱਲਦਿਆਂ ਕਾਂਗਰਸ 'ਚ ਬਗਾਵਤ ਸ਼ੁਰੂ ਹੋ ਗਈ ਹੈ ਅਤੇ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਦੇ ਚੱਲਦਿਆਂ ਕਈ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਅਸਤੀਫ਼ੇ ਵੀ ਦੇਣੇ ਸ਼ੁਰੂ ਕਰ ਦਿੱਤੇ ਗਏ ਹਨ।
ਕੁਝ ਦਿਨ ਪਹਿਲਾਂ ਪਾਰਟੀ 'ਚ ਹੋਇਆ ਸ਼ਾਮਲ
ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕੁਝ ਦਿਨ ਪਹਿਲਾਂ ਹੀ ਪਾਰਟੀ 'ਚ ਸ਼ਾਮਲ ਹੋਏ ਸਨ। ਉਦੋਂ ਤੋਂ ਹੀ ਅੰਦਾਜੇ ਲਗਾਏ ਜਾ ਰਹੇ ਸਨ ਕਿ ਕਾਂਗਰਸ ਮਾਨਸਾ ਤੋਂ ਸਿੱਧੂ ਨੂੰ ਚੋਣ ਮੈਦਾਨ 'ਚ ਉਤਾਰੇਗੀ। ਜਿਸ ਤੋਂ ਬਾਅਦ ਕਈ ਟਕਸਾਲੀ ਕਾਂਗਰਸੀਆਂ ਵਲੋਂ ਇਸਦਾ ਵਿਰੋਧ ਵੀ ਕੀਤਾ ਗਿਆ ਸੀ।
ਮਾਨਸਾ ਤੋਂ ਚਾਹਲ ਨੇ ਕੀਾ ਸੀ ਵਿਰੋਧ
ਮਾਨਸਾ ਸੀਟ ਤੋਂ ਕਈ ਕਾਂਗਰਸੀਆਂ ਵਲੋਂ ਟਿਕਟ ਲਈ ਦਾਅਵੇਦਾਰੀ ਕੀਤੀ ਜਾ ਰਹੀ ਸੀ। ਜਿਸ ਦੇ ਚੱਲਦਿਆਂ ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸਪਿੰਦਰਵੀਰ ਚਾਹਲ ਵਲੋਂ ਵੀ ਮਾਨਸਾ ਤੋਂ ਦਾਅਵੇਦਾਰੀ ਠੋਕਦਿਆਂ ਸਿੱਧੂ ਮੂਸੇਵਾਲਾ ਨੂਮ ਡੋਪ ਟੈਸਟ ਕਰਵਾਉਣ ਦੀ ਗੱਲ ਆਖੀ ਸੀ। ਇਸ ਦੇ ਨਾਲ ਹੀ ਸ਼ਕਤੀ ਪ੍ਰਦਰਸ਼ਨ ਕਰਦਿਆਂ ਚੁਸਪਿੰਦਰਵੀਰ ਚਾਹਲ ਵਲੋਂ ਵੱਡੀ ਰੈਲੀ ਵੀ ਮਾਨਸਾ 'ਚ ਕੀਤੀ ਸੀ।
ਵਿਧਾਇਕ ਮਾਨਸ਼ਾਹੀਆ ਨੇ ਕੀਤਾ ਸੀ ਵਿਰੋਧ
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਤੋਂ ਕਾਂਗਰਸ 'ਚ ਸ਼ਾਮਲ ਹੋਏ ਨਾਜ਼ਰ ਸਿੰਘ ਮਾਨਾਸ਼ਾਹੀਆ ਵਲੋਂ ਵੀ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਸੀ। ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਸਿੱਧੂ ਮੂਸੇਵਾਲਾ ਖਿਲਾਫ਼ ਮੋਰਚਾ ਵੀ ਖੋਲਿਆ ਗਿਆ ਸੀ।
ਟਕਸਾਲੀ ਕਾਂਗਰਸੀਆਂ ਵਲੋਂ ਵੀ ਵਿਰੋਧ
ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦਾ ਪਹਿਲੇ ਦਿਨ ਤੋਂ ਹੀ ਪਾਰਟੀ ਦੇ ਟਕਸਾਲੀ ਕਾਂਗਰਸੀਆਂ ਵਲੋਂ ਵਿਰੋਧ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਸਿੱਧੂ ਨੂੰ ਪੈਰਾਛੂਟ ਰਾਹੀ ਪਾਰਟੀ ਉਤਾਰ ਕੇ ਮਾਨਸਾ ਤੋਂ ਚੋਣ ਲੜਾਵੇਗੀ, ਜੋ ਸਹੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਟਕਸਾਲੀ ਕਾਂਗਰਸੀਆਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ।
'ਸਾਬਕਾ ਮੰਤਰੀ ਦੇ ਪਰਿਵਾਰ ਵਲੋਂ ਅਸਤੀਫ਼ੇ'
ਸਿੱਧੂ ਮੂਸੇਵਾਲੇ ਨੂੰ ਟਿਕਟ ਮਿਲਣ ਤੋਂ ਬਾਅਦ ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੇ ਪਰਿਵਾਰ ਵਲੋਂ ਕਾਂਗਰਸ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੇ ਪੋਤਰੇ ਮਾਈਕਲ ਗਾਗੋਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਾਈ ਕਮਾਂਡ ਨੂੰ ਵਾਰ ਵਾਰ ਸੂਚਿਤ ਕੀਤਾ ਗਿਆ ਸੀ ਕਿ ਸਿੱਧੂ ਮੂਸੇਵਾਲੇ ਦੀ ਟਿਕਟ ਨਾ ਦਿੱਤੀ ਜਾਵੇ ਪਰ ਉਸਦੇ ਬਾਵਜੂਦ ਵੀ ਸਿੱਧੂ ਮੂਸੇ ਵਾਲੇ ਨੂੰ ਟਿਕਟ ਦਿੱਤੀ ਗਈ ਹੈ, ਜਿਸਦੇ ਚੱਲਦਿਆਂ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਗੁਰਪ੍ਰੀਤ ਕੌਰ ਗਾਗੋਵਾਲ ਪੀਪੀਸੀਸੀ ਦੇ ਮੈਂਬਰ ਸਨ ਅਤੇ ਮਾਈਕਲ ਗਾਗੋਵਾਲ ਖੁਦ ਜ਼ਿਲ੍ਹਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸਕੱਤਰ ਸਨ।
'ਕਾਂਗਰਸ ਲਈ ਜਿੱਤ ਦਾ ਰਾਹ ਨਹੀਂ ਅਸਾਨ'
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਉਮੀਦਵਾਰ ਐਲਾਨਣ ਤੋਂ ਬਾਅਦ ਕਾਂਗਰਸ ਲਈ ਜਿੱਤ ਦਾ ਰਾਹ ਅਸਾਨ ਨਹੀਂ ਹੋਵੇਗਾ। ਮਾਨਸਾ 'ਚ ਸਿੱਧੂ ਦਾ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਕਾਰਨ ਕਾਂਗਰਸ ਨੂੰ ਮਾਨਸਾ ਤੋਂ ਸਿੱਧੂ ਮੂਸੇਵਾਲਾ ਨੂੰ ਜਿਤਾਉਣ ਲਈ ਜਿਆਦਾ ਮਿਹਨਤ ਕਰਨੀ ਪਵੇਗੀ।
ਇਹ ਵੀ ਪੜ੍ਹੋ :ਕਾਂਗਰਸ ਵਲੋਂ ਮੋਗਾ ਤੋਂ ਮਾਲਵਿਕਾ ਸੂਦ ਨੂੰ ਟਿਕਟ, ਮੌਜੂਦਾ ਵਿਧਾਇਕ ਭਾਜਪਾ 'ਚ ਸ਼ਾਮਲ