ਮਾਨਸਾ : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਜਹਾਨ ਤੋਂ ਰੁਖਸਤ ਹੋਇਆਂ ਨੂੰ ਇਕ ਸਾਲ ਦਾ ਸਮਾਂ ਬੀਤਣ ਵਾਲਾ ਹੈ, ਪਰ ਉਸ ਦੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਅੱਜ ਵੀ ਉਹ ਜਿਊਂਦਾ ਹੈ। ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਦਾ ਤਾਂਤਾ ਹਮੇਸ਼ਾ ਉਸ ਦੇ ਹਵੇਲੀ ਦੇ ਬਾਹਰ ਲੱਗਿਆ ਰਹਿੰਦਾ ਹੈ। ਲੋਕ ਆਉਂਦੇ ਹਨ ਤੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲ ਕੇ ਜਾਂਦੇ ਹਨ। ਸਿੱਧੂ ਦੇ ਕੁਝ ਪ੍ਰਸ਼ੰਸਕਾਂ ਵੱਲੋਂ ਉਸ ਨੂੰ ਵੱਖੋ-ਵੱਖ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਕੋਈ ਆਪਣੇ ਪਿੰਡੇ ਉਤੇ ਟੈਟੂ ਬਣਾਉਂਦਾ ਹੈ ਤੇ ਕੋਈ ਹਵੇਲੀ ਤਿਆਰ ਕਰ ਕੇ ਲਿਆਉਂਦਾ ਹੈ। ਇਸੇ ਦਰਮਿਆਨ ਸਟੈਚੂ ਆਰਟਿਸ ਜਗਜੀਤ ਸਿੰਘ ਮਾਣੂੰਕੇ ਸਿੱਧੂ ਮੂਸੇਵਾਲਾ ਦਾ ਫਾਈਬਰ ਦਾ ਬੁੱਤ ਤਿਆਰ ਕਰ ਕੇ ਹਵੇਲੀ ਲੈ ਕੇ ਪਹੁੰਚਿਆ। ਬੁੱਤ ਨੂੰ ਦੇਖ ਕੇ ਇਕ ਵਾਰ ਹਰ ਕੋਈ ਭੁਲੇਖਾ ਖਾ ਰਿਹਾ ਸੀ। ਕਿਉਂਕਿ ਬੁੱਤ ਦੇ ਕੁੜਤਾ ਚਾਦਰਾ, ਮੋਢੇ ਟੰਗੀ ਪਿਸਤੌਲ ਸਿੱਧੂ ਮੂਸੇਵਾਲਾ ਦੇ ਭੁਲੇਖਾ ਪਾ ਰਹੀ ਸੀ।
ਫਾਈਬਰ ਦਾ ਬਣਾਇਆ ਬੁੱਤ :ਜਗਜੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਬੁੱਤ ਫਾਈਬਰ ਦਾ ਬਣਿਆ ਹੋਇਆ ਹੈ। ਬੁੱਤ ਨੂੰ ਦੇਖ ਕੇ ਅੰਦਾਜ਼ਾ ਲਾਉਣਾ ਔਖਾ ਹੈ ਕਿ ਇਹ ਅਸਲ ਵਿੱਚ ਸ਼ੁਭਦੀਪ ਸਾਹਮਣੇ ਖੜ੍ਹਾ ਹੈ ਜਾਂ ਉਸ ਦਾ ਬੁੱਤ। ਹਾਲਾਂਕਿ ਮੂਸੇਵਾਲਾ ਦੇ ਮਾਤਾ ਪਿਤਾ ਵੀ ਇਸ ਬੁੱਤ ਨੂੰ ਦੇਖ ਕੇ ਇਕ ਵਾਰ ਹੈਰਾਨ ਹੋ ਗਏ ਸਨ। ਪੁੱਤ ਦਾ ਹੂਬਹੂ ਬੁੱਤ ਦੇਖ ਕੇ ਦੋਵਾਂ ਦੀਆਂ ਅੱਖਾਂ ਭਰ ਆਈਆਂ।
ਹਵੇਲੀ ਵਿੱਚ ਮਾਹੌਲ ਹੋਇਆ ਭਾਵੁਕ :ਆਪਣੇ ਪੁੱਤ ਦੇ ਬਣੇ ਬੁੱਤ ਨੂੰ ਦੇਖ ਕੇ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਵੱਲੋਂ ਪੁੱਤ ਦੇ ਬਣੇ ਬੁੱਤ ਦੇ ਚਿਹਰੇ ਉਤੇ ਹਥ ਫੇਰਿਆ ਗਿਆ। ਫਿਰ ਉਸ ਦੇ ਹੱਥ ਵਿੱਚ ਹੱਥ ਪਾ ਕੇ ਆਪਣੇ ਪੁੱਤ ਨੂੰ ਮਹਿਸੂਸ ਕੀਤਾ। ਉਨ੍ਹਾਂ ਕਿਹਾ ਕਿ ਬੁੱਤ ਨੂੰ ਦੇਖ ਕੇ ਮੈਨੂੰ ਇੰਝ ਲੱਗਿਆ ਕਿ ਮੇਰਾ ਪੁੱਤ ਹੀ ਹਵੇਲੀ ਵਿੱਚ ਆ ਖੜ੍ਹਾ ਹੋ ਗਿਆ ਹੈ।