ਮਾਨਸਾ:ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਮਾਹੌਲ ਖ਼ਰਾਬ ਹੋ ਰਿਹਾ ਹੈ। ਬੀਤੇ ਦਿਨ ਹੀ ਇੱਕ ਨੌਜਵਾਨ ਲੜਕਾ ਦਾ ਫਿਰੌਤੀ ਨਾ ਮਿਲਣ ਉੱਤੇ ਬਦਮਾਸ਼ਾਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਆਮ ਲੋਕਾਂ ਨੂੰ ਧਮਕਾ ਰਹੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਇਨ੍ਹਾਂ ਨੂੰ ਸਕਿਊਰਟੀ ਦੇ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਆਮ ਲੋਕਾਂ ਨੂੰ ਅਸਲਾ ਲਾਇਸੰਸ ਦਿੱਤੇ ਜਾਣ ਜਿਸ ਨੂੰ ਜ਼ਰੂਰਤ ਹੈ ਉਸ ਨੂੰ ਆਸਾਨੀ ਨਾਲ ਲਾਇਸੰਸ ਦਿੱਤਾ ਜਾਵੇ, ਤਾਂ ਕਿ ਉਹ ਆਪਣੀ ਸੁਰੱਖਿਆ ਖ਼ੁਦ ਕਰ ਸਕੇ।
ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਦੀ ਲੋੜ:ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਸੰਦੀਪ ਖੇੜਾ ਉੱਤੇ ਮਾਮਲਾ ਦਰਜ ਕੀਤਾ ਜਾ ਸਕਦਾ ਹੈ, ਤਾਂ ਫਿਰ ਪੰਨੂੰ ਤੇ ਮਾਮਲਾ ਦਰਜ ਕਿਉਂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਧੂ ਦੀ ਥਾਰ ਉਨ੍ਹਾਂ ਨੇ ਘਰ ਇਸ ਲਈ ਲਿਆਂਦੀ ਹੈ, ਤਾਂ ਕਿ ਹਰ ਵਿਅਕਤੀ ਨੂੰ ਪਤਾ ਲੱਗ ਸਕੇ ਕਿ ਸਿੱਧੂ ਮੂਸੇਵਾਲਾ ਉੱਤੇ ਕਿਸ ਤਰ੍ਹਾਂ ਗੋਲੀਆਂ ਚਲਾ ਕੇ ਉਸ ਨੂੰ ਮਾਰਿਆ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਰਿਆਂ ਨੂੰ ਇੱਕਠੇ ਹੋਣਾ ਚਾਹੀਦਾ ਹੈ ਤਾਂ ਕਿ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾ ਕੇ ਪੰਜਾਬ ਦਾ ਮਾਹੌਲ ਠੀਕ ਕੀਤਾ ਜਾਵੇ।