Gold medal winning athlete: ਏਸ਼ੀਆਈ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਖ਼ਿਡਾਰਣ ਸੂਬਾ ਸਰਕਾਰ ਨੇ ਕੀਤੀ ਨਜ਼ਰਅੰਦਾਜ਼, ਖਿਡਾਰਣ ਨੇ ਜਤਾਈ ਨਰਾਜ਼ਗੀ ਮਾਨਸਾ:ਕੌਮੀਂ ਪੈਦਲ ਚਾਲ ਚੈਂਪੀਅਨਸ਼ਿਪ ਵਿੱਚ ਮਾਨਸਾ ਦੇ ਪਿੰਡ ਖਹਿਰਾ ਖ਼ੁਰਦ ਦੀ ਖਿਡਾਰਨ ਮੰਜੂ ਰਾਣੀ ਨੇ 35 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਸੋਨ ਤਮਗ਼ਾ ਹਾਸਲ ਕਰਨ ਦੇ ਨਾਲ ਨਾਲ ਏਸ਼ੀਆਈ ਖੇਡਾਂ ਲਈ ਕੁਆਲੀਫਾਈ ਕੀਤਾ ਹੈ। ਜਿਸ ਲਈ ਪੰਜਾਬ ਸਰਕਾਰ ਦੇ ਖੇਡ ਮੰਤਰੀ ਨੇ ਖਿਡਾਰਨ ਨੂੰ ਚੰਡੀਗੜ੍ਹ ਪਹੁੰਚਣ ਉੱਤੇ ਹਾਰ ਤਾਂ ਪਹਿਨਾ ਦਿੱਤਾ ਪਰ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੰਜੂ ਰਾਣੀ ਦੇ ਪਿੰਡ ਪਹੁੰਚਣ ਵੇਲੇ ਨਹੀਂ ਪਹੁੰਚਿਆ, ਜਿਸ ਕਾਰਨ ਇਸ ਨੌਜਵਾਨ ਖਿਡਾਰਨ ਵਿੱਚ ਨਿਰਾਸ਼ਾ ਦਾ ਆਲਮ ਹੈ।
ਪੰਜਾਬ ਸਰਕਾਰ ਨੇ ਨਹੀਂ ਕੀਤੀ ਮਦਦ: ਰਾਂਚੀ ਵਿਖੇ ਹੋਈਆਂ ਖੇਡਾਂ ਵਿੱਚ 35 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਿੰਡ ਖੈਰਾ ਖੁਰਦ ਦੀ ਮੰਜੂ ਰਾਣੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਸਰਕਾਰ ਨੇ ਸਾਡੀ ਮਦਦ ਕਿਉਂ ਨਹੀਂ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਮੇਰੀ ਮਦਦ ਕਰੇ ਅਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਖਿਡਾਰੀਆਂ ਵੱਲ ਧਿਆਨ ਨਾ ਦਿੱਤਾ ਤਾਂ ਖਿਡਾਰੀ ਨਿਰਾਸ਼ ਹੋ ਕੇ ਬੈਠ ਜਾਣਗੇ।
ਉਨ੍ਹਾਂ ਕਿਹਾ ਕਿ 6 ਕਰੋੜ ਦੀ ਅਬਾਦੀ ਪਿੱਛੇ ਸਿਰਫ 2 ਖਿਡਾਰੀਆਂ ਨੂੰ ਸਨਮਾਨਿਤ ਕਰਨਾ ਸਰਕਾਰ ਲਈ ਕੋਈ ਵੱਡੀ ਗੱਲ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਆਪਣੀ ਮਿਹਨਤ ਨੂੰ ਅੱਗੇ ਵੀ ਜਾਰੀ ਰੱਖਾਂਗੀ ਅਤੇ ਆਉਣ ਵਾਲੀਆਂ ਏਸ਼ੀਆਈ ਖੇਡਾਂ ਅਤੇ ਓਲੰਪਿਕ ਖੇਡਾਂ ਵਿੱਚ ਹੋਰ ਚੰਗਾ ਪ੍ਰਦਰਸ਼ਨ ਕਰਾਂਗੀ। ਮੰਜੂ ਰਾਣੀ ਦੀ ਦਾਦੀ ਅਤੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਬੱਚੀ ਜਿੱਤ ਕੇ ਆਈ ਹੈ, ਪਰ ਸਰਕਾਰ ਨੇ ਸਾਡੀ ਕੋਈ ਵੀ ਮਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਬੱਚੀ ਨੂੰ ਕਰਜਾ ਚੱਕ ਕੇ ਪੜ੍ਹਾਇਆ ਅਤੇ ਇਥੋਂ ਤੱਕ ਪਹੁੰਚਾਇਆ ਹੈ ਅਤੇ ਅੱਜ ਸਾਡੀ ਬੱਚੀ ਨੇ ਇੰਨੀ ਵੱਡੀ ਪ੍ਰਾਪਤੀ ਕੀਤੀ ਹੈ, ਪਰ ਸਰਕਾਰ ਨੇ ਸਾਡੀ ਕੋਈ ਵੀ ਮਦਦ ਨਹੀਂ ਕੀਤੀ। ਉਨ੍ਹਾਂ ਸਰਕਾਰ ਤੋਂ ਆਰਥਿਕ ਮੱਦਦ ਦੀ ਅਪੀਲ ਕੀਤੀ।
ਕਾਂਗਰਸ ਨੇ ਸਾਧੇ ਨਿਸ਼ਾਨੇ: ਸਰਦੂਲਗੜ੍ਹ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਬਿਕਰਮ ਮੋਫਰ ਨੇ ਕਿਹਾ ਕਿ ਮੰਜੂ ਰਾਣੀ ਨੇ ਸਾਡੇ ਹਲਕੇ ਸਰਦੂਲਗੜ੍ਹ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ, ਜਿਸ ਨੇ 35 ਕਿਲੋਮੀਟਰ ਪੈਦਲ ਚਾਲ ਵਿਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਰਕਾਰ ਉੱਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਮੰਜੂ ਰਾਣੀ ਨੇ ਹਲਕਾ ਵਿਧਾਇਕ ਦੇ ਕਹਿਣ ਉੱਤੇ ਦਿੱਲੀ ਜਾਣ ਦੀ ਬਜਾਏ ਰਾਂਚੀ ਤੋਂ ਇੱਥੇ ਆ ਕੇ ਚੰਡੀਗੜ੍ਹ ਵਿਖੇ ਖੇਡ ਮੰਤਰੀ ਨਾਲ ਮੁਲਾਕਾਤ ਕੀਤੀ, ਪਰ ਖੇਡ ਮੰਤਰੀ ਨੇ ਸਿਰਫ਼ ਚਾਹ ਦਾ ਕੱਪ ਪਿਆ ਕੇ ਹੀ ਇਹਨਾਂ ਨੂੰ ਵਾਪਸ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਮੰਜੂ ਰਾਣੀ ਨੇ ਏਸ਼ੀਆਈ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਇਸ ਨੂੰ ਬਣਦਾ ਮਾਣ-ਸਨਮਾਨ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ:Amritpal Singh's Instagram Account Ban: ਅੰਮ੍ਰਿਤਪਾਲ ਦਾ ਇੰਸਟਾਗ੍ਰਾਮ ਅਕਾਊਂਟ ਬੈਨ, ਡੀਜੀਪੀ ਨੂੰ ਦਿੱਤੀ ਸੀ ਧਮਕੀ...