ਮਾਨਸਾ:ਇਸ ਪਿੰਡ ਦੀ ਪੰਚਾਇਤ ਵੱਲੋਂ ਜਿੱਥੇ ਪਿੰਡ ਦੇ ਵਿੱਚ ਚਾਰ ਸੋਹਣੇ ਪਾਰਕ ਬਣਾਏ ਗਏ ਹਨ ਉਥੇ ਹੀ ਇਨ੍ਹਾਂ ਪਾਰਕਾਂ ਦੇ ਵਿਚ ਸੁੰਦਰਤਾ ਨੂੰ ਚਾਰ ਚੰਨ ਲਾਉਣ ਦੇ ਲਈ ਸੋਹਣੇ ਫੁੱਲਦਾਰ ਬੂਟੇ ਅਤੇ ਇਸ ਪਿੰਡ ਦੀਆਂ ਕੰਧਾਂ ਵੀ ਮੈਸੇਜ ਦਿੰਦੀਆਂ ਹਨ। ਕੰਧਾਂ ਇਸ ਲਈ ਮੈਸੇਜ ਦਿੰਦੀਆਂ ਹਨ ਕਿਉਂਕਿ ਕੰਧਾਂ ਉੱਪਰ ਇਤਿਹਾਸ ਨਾਲ ਸਬੰਧਤ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਸ਼ਹੀਦ ਊਧਮ ਸਿੰਘ, ਮਹਾਰਾਜਾ ਰਣਜੀਤ ਸਿੰਘ ਝਾਂਸੀ ਦੀ ਰਾਣੀ ਡਾ. ਭੀਮ ਰਾਓ ਅੰਬੇਡਕਰ ਅਤੇ ਹੋਰ ਆਜ਼ਾਦੀ ਦੇ ਪ੍ਰਵਾਨਿਆਂ ਦੀ ਦਾਸਤਾਨ ਲਿਖੀ ਹੋਈ ਹੈ ਤਾਂ ਕਿ ਪਿੰਡ ਦੇ ਨੌਜਵਾਨ ਇਨ੍ਹਾਂ ਸਲੋਗਨਾਂ ਨੂੰ ਪੜ੍ਹ ਕੇ ਇਤਿਹਾਸ ਸੰਬੰਧੀ ਜਾਗਰੂਕ ਹੋ ਸਕਣ।
ਈ ਟੀ ਵੀ ਭਾਰਤ ਵੱਲੋਂ ਪਿੰਡ ਬੁਰਜ ਢਿੱਲਵਾਂ ਦੀ ਗੇੜੀ ਲਗਾਈ ਗਈ। ਸਰਪੰਚ ਜਗਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਪਿੰਡ ਨੂੰ ਸੁੰਦਰ, ਨਸ਼ਾ ਰਹਿਤ ਅਤੇ ਹਰਿਆ-ਭਰਿਆ ਬਣਾਉਣ ਦਾ ਸੀ ਜਦੋਂ ਤੋਂ ਹੀ ਪਿੰਡ ਨੇ ਉਨ੍ਹਾਂ ਨੂੰ ਸਰਪੰਚੀ ਦੀ ਕਮਾਂਡ ਦਿੱਤੀ ਤਾਂ ਉਨ੍ਹਾਂ ਵੱਲੋਂ ਪਿੰਡ ਦੇ ਵਿੱਚ ਜੋ ਸਾਂਝੀਆਂ ਥਾਵਾਂ ਸੀ ਅਤੇ ਕਿਸੇ ਸਮੇਂ ਇਨ੍ਹਾਂ ਥਾਵਾਂ ‘ਤੇ ਕੋਈ ਜਾਣਾ ਵੀ ਪਸੰਦ ਨਹੀਂ ਕਰਦਾ ਸੀ ਹੁਣ ਉਨ੍ਹਾਂ ਥਾਵਾਂ ਦੇ ਵਿੱਚ ਅੱਜ ਚਾਰ ਸ਼ਾਨਦਾਰ ਪਾਰਕਾਂ ਦੀ ਉਸਾਰੀ ਕੀਤੀ ਗਈ ਹੈ। ਇਨ੍ਹਾਂ ਪਾਰਕਾਂ ਦੇ ਵਿੱਚ ਹਰੇ-ਭਰੇ ਬੂਟੇ ਅਤੇ ਸ਼ਾਨਦਾਰ ਫੁੱਲ ਬੂਟੇ ਲਗਾਏ ਗਏ ਹਨ। ਇਸ ਤੋਂ ਇਲਾਵਾ ਬੱਚਿਆਂ ਦੇ ਖੇਡਣ ਦੇ ਲਈ ਝੂਲੇ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਰਕਾਂ ਦੀਆਂ ਕੰਧਾਂ ਨੂੰ ਵੀ ਬੋਲਣ ਲਗਾ ਦਿੱਤਾ ਗਿਆ ਹੈ ਕਿਉਂਕਿ ਇਨ੍ਹਾਂ ਕੰਧਾਂ ਉੱਪਰ ਸ਼ਹੀਦਾਂ ਦੀ ਸ਼ਹਾਦਤ ਅਤੇ ਸਾਡੇ ਯੋਧੇ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਦੀ ਦਾਸਤਾਨ ਲਿਖੀ ਹੋਈ ਹੈ।
ਪਿੰਡ ਦੇ ਨੌਜਵਾਨ ਇਨ੍ਹਾਂ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਅਤੇ ਯੋਧਿਆਂ ਦੇ ਜਜ਼ਬੇ ਨੂੰ ਪੜ੍ਹ ਕੇ ਕੁਝ ਸਿੱਖਿਆ ਹਾਸਿਲ ਕਰ ਸਕਣ। ਜਗਦੀਪ ਢਿੱਲੋਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਕੋਈ ਵੀ ਨੌਜਵਾਨ ਨਸ਼ਾ ਨਹੀਂ ਕਰਦਾ ਸਗੋਂ ਪਿੰਡ ਨਸ਼ਾ ਰਹਿਤ ਹੈ।