ਮਾਨਸਾ: ਅਕਸਰ ਹੀ ਤੁਸੀਂ ਬਿਜਲੀ ਬੋਰਡ ਦੇ ਮੁਲਾਜ਼ਮ ਨੂੰ ਘਰਾਂ, ਦੁਕਾਨਾਂ, ਫੈਕਟਰੀਆਂ ਅਤੇ ਹੋਰ ਜਗ੍ਹਾ ਉੱਪਰ ਬਿਜਲੀ ਦੀ ਚੋਰੀ ਰੋਕਦੇ ਦੇਖਿਆ ਹੋਵੇਗਾ । ਪਰ ਜਦੋਂ ਬਿਜਲੀ ਬੋਰਡ ਦੇ ਮੁਲਾਜ਼ਮ ਖ਼ੁਦ ਹੀ ਬਿਜਲੀ ਚੋਰੀ ਕਰਦੇ ਹੋਣ ਤਾਂ ਉਨ੍ਹਾਂ ਦਾ ਕੀ ਕੀਤਾ ਜਾਵੇ। ਏਦਾਂ ਦਾ ਹੀ ਮਾਮਲਾ ਹੈ ਸਬ ਡਿਵੀਜ਼ਨ ਸਰਦੂਲਗੜ੍ਹ ਦੇ ਪਿੰਡ ਸਰਦੂਲੇਵਾਲਾ ਦਾ ਜਿੱਥੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਬਣਾਏ ਕੰਪਲੇਟ ਸੈਂਟਰ ਵਿੱਚ ਸਿੱਧੀ ਮੇਨ ਤਾਰ ਤੋਂ ਕੁੰਡੀ ਲਾ ਕੇ ਬਿਨਾਂ ਕਿਸੇ ਮੀਟਰ ਤੋਂ ਬਿਜਲੀ ਚਲਾਈ ਜਾ ਰਹੀ ਸੀ।
ਉੱਥੇ ਹੀ ਇਕ ਦੁਕਾਨਦਾਰ ਦੇ ਨਿਜੀ ਮੀਟਰ ਵਿੱਚੋਂ 2 ਹੋਰ ਦੁਕਾਨਦਾਰਾਂ ਨੂੰ ਮਹੀਨਾ ਵਰ ਪੈਸੇ ਲੈ ਕੇ ਬਿਜਲੀ ਦੀ ਸਪਲਾਈ ਉਕਤ ਦੁਕਾਨਦਾਰ ਦੇ ਮੀਟਰ ਵਿੱਚੋਂ ਦਿੱਤੀ ਜਾ ਰਹੀ ਸੀ । ਪਰ ਉਹ 2 ਦੁਕਾਨਦਾਰਾਂ ਦਾ ਬਿੱਲ ਵੀ ਇੱਕ ਬਿਜਲੀ ਮੀਟਰ ਖ਼ਪਤਕਾਰ ਹੀ ਭਰ ਰਿਹਾ ਸੀ। ਸਥਾਨਕ ਪਿੰਡ ਵਾਸੀਆਂ ਨੇ ਦੋਸ਼ੀ ਬਿਜਲੀ ਬੋਰਡ ਮੁਲਾਜ਼ਮਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜਦੋਂ ਇਸ ਸੰਬੰਧੀ SDO ਬਿਜਲੀ ਬੋਰਡ ਸਰਦੂਲਗੜ੍ਹ ਨੂੰ ਬੁਲਾਇਆ ਗਿਆ ਤਾਂ ਉਹ ਆਪਣੇ ਮੁਲਾਜ਼ਮਾਂ ਉਪਰ ਕਾਰਵਾਈ ਕਰਨ ਦੀ ਬਜਾਏ ਗੱਲ ਨੂੰ ਗੋਲਮੋਲ ਕਰਦੇ ਨਜ਼ਰ ਆਏ। ਇਸ ਤੋਂ ਇਲਾਵਾ ਇੱਕ ਨਿਜੀ ਦੁਕਾਨ ਦੇ ਮੀਟਰ ਉੱਪਰ ਵੀ 2 ਨੇੜਲੇ ਦੁਕਾਨਦਾਰਾਂ ਨੂੰ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਕੁੰਡੀਆਂ ਲਵਾਈਆਂ ਗਈਆਂ ਸਨ ਅਤੇ ਜਿਨ੍ਹਾਂ ਤੋਂ ਉਹ ਮਹੀਨਾਵਰ ਰੁਪਏ ਲੈਂਦੇ ਸਨ।