ਮੋਗਾ: ਬੀਤੇ ਦਿਨੀਂ ਪਿੰਡ ਮਾਣੂਕੇ ਵਿਖੇ ਦੋ ਨੌਜਵਾਨ ਕੁੜੀਆਂ ਨੂੰ ਗੋਲੀ ਮਾਰ ਕੇ ਮਾਰ ਦੇਣ ਦੀ ਖੌਫਨਾਕ ਘਟਨਾ ਨੂੰ ਜ਼ਿਲ੍ਹਾ ਮੋਗਾ ਪੁਲਿਸ ਨੇ 24 ਘੰਟੇ ਵਿੱਚ ਸੁਲਝਾ ਲਿਆ ਹੈ। ਇਸ ਘਟਨਾ ਦੇ ਮੁੱਖ ਮੁਲਜ਼ਮ ਨੂੰ ਘਟਨਾ ਮੌਕੇ ਵਰਤੇ ਹਥਿਆਰ ਅਤੇ ਵਾਹਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਦਿਨੀਂ ਦੋ ਕੁੜੀਆਂ ਨੂੰ ਲਗਭਗ 35 ਸਾਲ ਦੀ ਉਮਰ ਦੇ ਇੱਕ ਨੌਜਵਾਨ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੋਗਾ ਪੁਲਿਸ ਘਿਨਾਉਣੇ ਹਰਕਤ ਦੀ ਸੂਚਨਾ ਮਿਲਣ 'ਤੇ ਤੁਰੰਤ ਹਰਕਤ ਵਿੱਚ ਆ ਗਈ। ਉਨ੍ਹਾਂ ਦੱਸਿਆ ਕਿ ਪਿੰਡ ਸ਼ੇਖਾ ਪੁਲਿਸ ਥਾਣਾ ਸਮਾਲਸਰ, ਮੋਗਾ ਦੀਆਂ ਰਹਿਣ ਵਾਲੀਆਂ ਪੀੜਤ ਕੁੜੀਆਂ ਅਮਨਦੀਪ ਕੌਰ ਦੀ ਉਮਰ 23 ਸਾਲ ਅਤੇ ਕਮਲਪ੍ਰੀਤ ਕੌਰ ਦੀ 24 ਸਾਲ ਸੀ ਅਤੇ ਦੋਵੇਂ ਭੈਣਾਂ ਸਨ।
ਕੁੜੀ ਅਮਨਦੀਪ ਕੌਰ ਦਸਮੇਸ਼ ਕਾਲਜ ਡਗਰੂ ਵਿਖੇ ਇਮਤਿਹਾਨ ਦੇਣ ਗਈ ਸੀ ਅਤੇ ਉਸ ਦੀ ਭੈਣ ਕਮਲਪ੍ਰੀਤ ਕੌਰ ਉਸ ਨਾਲ ਕਾਲਜ ਗਈ ਹੋਈ ਸੀ, ਜਦੋਂ ਪ੍ਰੀਖਿਆ ਪੂਰੀ ਹੋਣ ਤੋਂ ਬਾਅਦ ਦੋਵੇਂ ਕੁੜੀਆਂ ਆਪਣੇ ਪਿੰਡ ਜਾ ਰਹੀਆਂ ਸਨ ਤਾਂ ਮੁਲਜ਼ਮ ਗੁਰਵੀਰ ਸਿੰਘ ਪੁੱਤਰ ਜਗਦੇਵ ਸਿੰਘ ਸਰਪੰਚ ਪਿੰਡ ਸ਼ੇਖਾ ਉਨ੍ਹਾਂ ਨੂੰ ਮਿਲਿਆ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਆਪਣੀ ਕਾਰ (ਰਜਿਸਟ੍ਰੇਸ਼ਨ ਨੰਬਰ ਪੀਬੀ -03-ਵਾਈ-3450) ਵਿੱਚ ਅਗਵਾ ਕਰ ਲਿਆ ਅਤੇ ਅਗਵਾ ਕਰਨ ਤੋਂ ਬਾਅਦ ਮੁਲਜ਼ਮ ਕਾਰ ਨੂੰ ਬਾਘਾਪੁਰਾਣਾ ਖੇਤਰ ਵੱਲ ਲੈ ਗਿਆ।