ਮਾਨਸਾ: ਖੇਤੀਬਾੜੀ ਸਬੰਧੀ ਬਣਾਏ ਗਏ ਤਿੰਨ ਕਾਨੂੰਨਾਂ ਖਿਲਾਫ ਜਿੱਥੇ ਵੱਖ-ਵੱਖ ਰਾਜਾਂ ਦੇ ਕਿਸਾਨ ਸਰਗਰਮ ਹਨ ਉੱਥੇ ਕਲਾਕਾਰ ਵੀ ਆਪਣੋ-ਆਪਣੇ ਢੰਗ ਨਾਲ ਸੰਘਰਸ਼ ਨੂੰ ਆਪਣਾ ਸਮਰਥਨ ਦੇ ਰਹੇ ਹਨ। ਮਾਨਵ ਮੰਚ ਪਟਿਆਲਾ ਦੀ ਟੀਮ ਵੱਲੋਂ ਮਾਨਸਾ ਦੇ ਵੱਖ-ਵੱਖ ਪਿੰਡਾਂ ’ਚ ਨਾਟਕ ‘ਦਿੱਲੀ ਚੱਲੋ’ ਰਾਹੀਂ ਰੰਗ ਬੰਨਿਆ।
ਨਾਟਕ ’ਚ ਨੌਜਵਾਨ ਆਗੂ ਲੋਕਾਂ ਨੂੰ ਕਿਸਾਨ ਸੰਘਰਸ਼ ’ਚ ਕੁੱਦਣ ਲਈ ਕਰ ਦਿੰਦੇ ਹਨ ਪ੍ਰੇਰਿਤ
ਨਾਮਵਰ ਖੇਡ ਲੇਖਕ ਡਾ. ਸੁਖਦਰਸ਼ਨ ਸਿੰਘ ਚਹਿਲ ਦੁਆਰਾ ਲਿਖੇ ਤੇ ਨਿਰਦੇਸ਼ਿਤ ਕੀਤੇ ਉਕਤ ਨਾਟਕ ਦੀ ਖਾਸੀਅਤ ਇਹ ਹੈ ਕਿ ਇਸ ਦੇ ਪਾਤਰ ਕਿਸਾਨ ਸੰਘਰਸ਼ ਦਾ ਹਿੱਸਾ ਬਣੇ ਵਡੇਰੀ ਉਮਰ ਦੇ ਨੇਤਾ ਤੇ ਨੌਜਵਾਨਾਂ ਨੂੰ ਬਣਾਇਆ ਗਿਆ ਹੈ। ਨਾਟਕ ਦੌਰਾਨ ਵੱਖ-ਵੱਖ ਤਰ੍ਹਾਂ ਦੇ ਲੋਕ ਕਿਸਾਨ ਆਗੂਆਂ ਨਾਲ ਬਹਿਸ ਕਰਦੇ ਹਨ ਅਤੇ ਕਾਨੂੰਨ ਨੂੰ ਰੱਦ ਕਰਨ ਸਬੰਧੀ ਬੇਬਸੀ ਜ਼ਾਹਰ ਕਰਦੇ ਨਜ਼ਰ ਆਉਂਦੇ ਹਨ ਪਰ ਨੌਜਵਾਨ ਆਗੂ ਆਪਣੇ ਵਿਚਾਰਾਂ ਨਾਲ ਲੋਕਾਂ ਨੂੰ ਕਿਸਾਨ ਸੰਘਰਸ਼ ‘ਚ ਕੁੱਦਣ ਲਈ ਉਤਸ਼ਾਹਿਤ ਕਰ ਦਿੰਦੇ ਹਨ।
ਸਰਮਾਏਦਾਰ ਲੋਕਾਂ ਵੱਲੋਂ ਲੁੱਟ ਨੂੰ ਦਰਸਾਇਆ ਨਾਟਕ ‘ਚਲੋ ਦਿੱਲੀ’ ’ਚ
ਇਸ ਨਾਟਕ ‘ਚ ਕਾਲੇ ਕਾਨੂੰਨਾਂ, ਸਰਮਾਏਦਾਰ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਲੁੱਟ ਅਤੇ ਭੋਲਭਾਲੇ ਲੋਕਾਂ ਦੀ ਤਰਾਸ਼ਦੀ ਨੂੰ ਖੂਬਸੂਰਤ ਤਰੀਕੇ ਨਾਲ ਚਿਤਰਿਆ ਗਿਆ ਹੈ। ਗੁੰਦਵੀਂ ਕਹਾਣੀ ਦੇ ਲੱਛੇਦਾਰ ਸੰਵਾਦ ਦਰਸ਼ਕਾਂ ਨੂੰ ਨਾਟਕ ਨਾਲ ਜੋੜੀ ਰੱਖਦੇ ਹਨ। ਉਕਤ ਟੀਮ ਦੇ ਕਲਾਕਾਰ ਆਪਣੀ ਅਦਾਕਾਰੀ ਰਾਹੀਂ ਨਾਟਕ ਨੂੰ ਸਫ਼ਲ ਬਣਾ ਦਿੰਦੇ ਹਨ।
ਦੱਸਣਯੋਗ ਹੈ ਮਾਨਵ ਮੰਚ ਦੀ ਟੀਮ ਵੱਲੋਂ ‘ਚਲੋ ਦਿੱਲੀ’ ਨਾਟਕ ਨਾਲ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਲੋਕਾਂ ਨੂੰ ਦਿੱਲੀ ਮੋਰਚੇ ‘ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੇ ਹਨ। ਹਰ ਥਾਂ ਦਰਸ਼ਕਾਂ ਵੱਲੋਂ ਮਾਨਵ ਮੰਚ ਦੀ ਟੀਮ ਨੂੰ ਬਹੁਤ ਹੁੰਗਾਰਾ ਦੇ ਰਹੇ ਹਨ। ਪਿੰਡ ਮਲਕਪੁਰ ਖਿਆਲਾ ਵਿਖੇ ਸਰਪੰਚ ਨਿਰਮਲ ਸਿੰਘ ਪੰਚ ਬਲਜੀਤ ਸਿੰਘ ਚਹਿਲ ਜਿਲ੍ਹਾ ਪ੍ਰੀਸ਼ਦ ਮੈਬਰ ਬਬਲਜੀਤ ਸਿੰਘ ਦੀ ਅਗਵਾਈ ‘ਚ ਨਾਟਕ ਕਰਵਾਇਆ ਗਿਆ। ਡਾ. ਬਿੱਕਰ ਸਿੰਘ ਤੇ ਕਿਸਾਨ ਆਗੂ ਗੁਰਜੰਟ ਸਿੰਘ ਦੀ ਦੇਖ-ਰੇਖ ‘ਚ ਨਾਟਕ ਦਾ ਸੰਚਾਲਨ ਕੀਤਾ ਗਿਆ ਅਤੇ ਮਾਨਵ ਮੰਚ ਦੀ ਟੀਮ ਦਾ ਸਨਮਾਨ ਕੀਤਾ ਗਿਆ।