ਮਾਨਸਾ: ਸਾਲ 1992-93 ਤੱਕ ਪੰਜਾਬ ਨੇ ਅੱਤਵਾਦ ਦੇ ਕਾਲੇ ਦੌਰ ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ ਹੈ। ਉਥੇ ਅੱਜ ਵੀ ਅੱਤਵਾਦ ਪੀੜ੍ਹਤ ਪਰਿਵਾਰ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਜ਼ਿਲ੍ਹਾ ਮਾਨਸਾ ਦੇ ਪਿੰਡ ਰਾਮ ਨਗਰ ਭੱਠਲ ਪਰਿਵਾਰ ਹੈ, ਜਿਸ ਵਿੱਚ ਅੱਤਵਾਦੀਆਂ ਵੱਲੋਂ ਮਾਰੇ ਗਏ ਨੌਜਵਾਨ ਮ੍ਰਿਤਕ ਅਮਰਜੀਤ ਸਿੰਘ ਦੀਆਂ ਚਾਰ ਭੈਣਾਂ ਅੱਜ ਵੀ ਆਪਣੇ ਘਰ ਕੁਆਰੀਆਂ ਬੈਠੀਆਂ ਹਨ, ਜੋ ਕੇ ਵਿਆਹ ਦੀ ਉਮਰ ਵੀ ਲੰਘਾ ਚੁੱਕੀਆਂ ਹਨ।
ਅੱਤਵਾਦੀਆਂ ਭਰਾ ਦਾ ਕੀਤਾ ਸੀ ਕਤਲ
ਅੱਤਵਾਦ ਪੀੜ੍ਹਤ ਸਤਪਾਲ ਕੌਰ ਅਤੇ ਜਸਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਅਮਰਜੀਤ ਸਿੰਘ ਦੀ ਸਾਲ 1989 'ਚ ਅੱਤਵਾਦੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਵਾਨ ਪੁੱਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਮਾਤਾ ਪਿਤਾ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਅਤੇ ਹੋਲੀ-ਹੋਲੀ ਬੀਮਾਰ ਪੈਂਦਿਆਂ ਇਸ ਜਹਾਨ ਤੋਂ ਰੁਕਸਤ ਹੋ ਗਏ।
ਛੇ ਭੈਣਾਂ 'ਚੋਂ ਦੋ ਭੈਣਾਂ ਦਾ ਹੋਇਆ ਵਿਆਹ
ਇਸ ਸਬੰਧੀ ਉਨ੍ਹਾਂ ਦੱਸਿਆ ਕਿ ਉਹ ਛੇ ਭੈਣਾਂ ਸੀ, ਜਿਨ੍ਹਾਂ 'ਚ ਦੋ ਦਾ ਵਿਆਹ ਹੋ ਗਿਆ ਸੀ ਅਤੇ ਉਨ੍ਹਾਂ ਚਾਰ ਭੈਣਾਂ ਦਾ ਵਿਆਹ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪਰਿਵਾਰ 'ਚ ਕੋਈ ਹੋਰ ਮੋਹਰੀ ਨਹੀਂ ਸੀ ਜੋ ਸਾਡਾ ਭੈਣਾਂ ਦਾ ਵਿਆਹ ਕਰਦਾ। ਜਿਸ ਕਾਰਨ ਉਹ ਅੱਜ ਵੀ ਕੁਆਰੀਆਂ ਸੰਤਾਪ ਹੰਢਾ ਰਹੀਆਂ ਹਨ।