ਮਾਨਸਾ: ਕੋਰੋਨਾ ਦੇ ਦਿਨ ਪਰ ਦਿਨ ਵੱਧ ਰਹੇ ਮਾਮਲਿਆਂ ਨੂੰ ਲੈਕੇ ਪੰਜਾਬ ਸਰਕਾਰ ਵਲੋਂ ਸਕੂਲ ਅਤੇ ਕਾਲਜ ਬੰਦ ਰੱਖੇ ਗਏ ਹਨ। ਜਿਸ ਨੂੰ ਲੈਕੇ ਸੂਬੇ 'ਚ ਸਰਕਾਰ ਖਿਲਾਫ਼ ਸਕੂਲ ਅਤੇ ਕਾਲਜਾਂ ਨੂੰ ਖੋਲ੍ਹਣ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਮੰਗ ਦੇ ਚੱਲਦਿਆਂ ਜਿਥੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਅਤੇ ਸਕੂਲ ਪ੍ਰਬੰਧਕ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਵੀ ਕਾਲਜ ਖੋਲ੍ਹਣ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ।
ਪੰਜਾਬ ਸਰਕਾਰ ਤੋਂ ਸਕੂਲ ਅਤੇ ਕਾਲਜ ਖੋਲ੍ਹਣ ਦੀ ਮੰਗ ਨੂੰ ਲੈਕੇ ਸਰਦੂਲਗੜ੍ਹ 'ਚ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਪੂਰੇ ਸ਼ਹਿਰ 'ਚ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਦਿਆਂ ਤਖ਼ਤੀ ਮਾਰਚ ਕੱਢਿਆ ਗਿਆ। ਵਿਦਿਆਰਥੀਆਂ ਦਾ ਕਹਿਣਾ ਕਿ ਸਰਕਾਰ ਵਲੋਂ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਆਨਲਾਈਨ ਸਿੱਖਿਆ ਦੀ ਗੱਲ ਕੀਤੀ ਜਾ ਰਹੀ ਪਰ ਇਸ ਨਾਲ ਜਿਥੇ ਮੋਬਾਇਲ ਫੋਨਾਂ 'ਚ ਦੇਖ ਦੇਖ ਵਿਦਿਆਰਥੀਆਂ ਦੀ ਨਜ਼ਰ ਕਮਜ਼ੋਰ ਹੋ ਰਹੀ ਹੈ, ਉਥੇ ਹੀ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਮਹਿੰਗੇ ਮੋਬਾਈਲ ਨਹੀਂ ਖਰੀਦ ਸਕਦੇ।