ਮਾਨਸਾ: ਪਿੰਡ ਕੋਟ ਧਰਮੁ ਵਿੱਚ ਇੱਕ ਘਰ ਦੇ ਨਜ਼ਦੀਕ ਹੱਡਾਰੋੜੀ ਵਿੱਚ ਇਕੱਠੇ ਹੋਏ ਅਵਾਰਾ ਕੁੱਤਿਆਂ ਨੇ ਬਜ਼ੁਰਗ ਔਰਤ ਉੱਤੇ ਹਮਲਾ ਕਰਦੇ ਹੋਏ ਉਸ ਨੂੰ ਨੋਚ ਕੇ ਖਾ ਲਿਆ, ਜਿਸ ਨਾਲ ਔਰਤ ਦੀ ਮੌਤ ਹੋ ਗਈ। ਪਿੰਡ ਦੇ ਲੋਕ ਪਰਿਵਾਰ ਦੀ ਆਰਥਿਕ ਮਦਦ ਅਤੇ ਹੱਡਾ ਰੋੜੀ ਨੂੰ ਉੱਥੋਂ ਹਟਾਉਣ ਦੀ ਮੰਗ ਕਰ ਰਹੇ ਹਨ।
ਪਿੰਡ ਕੋਟ ਧਰਮੁ ਵਿੱਚ ਸਵਰਗਵਾਸੀ ਤਾਰਾ ਸਿੰਘ ਦੀ 80 ਸਾਲਾ ਪਤਨੀ ਦਲੀਪ ਕੌਰ ਆਪਣੇ ਘਰ ਵਿੱਚ ਇਕੱਲੀ ਸੀ, ਉਸ ਦਾ ਪੁੱਤਰ ਕਾਕਾ ਸਿੰਘ ਮਜ਼ਦੂਰੀ ਕਰਨ ਗਿਆ ਹੋਇਆ ਸੀ ਤਾਂ ਉਸ ਦੇ ਘਰ ਦੇ ਨਜ਼ਦੀਕ ਬਣੀ ਹੱਡਾ ਰੋੜੀ ਵਿੱਚ ਬੈਠੇ ਅਵਾਰਾ ਕੁੱਤਿਆਂ ਨੇ ਘਰ ਵਿੱਚ ਵੜ ਕੇ ਦਲੀਪ ਕੌਰ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਨੋਚ-ਨੋਚ ਕੇ ਖਾ ਗਏ। ਜਿਸ ਨਾਲ ਬਜ਼ੁਰਗ ਔਰਤ ਦਲੀਪ ਕੌਰ ਦੀ ਮੌਤ ਹੋ ਗਈ।
ਹੱਡਾਰੋੜੀ ਦੇ ਕੁੱਤਿਆਂ ਨੋਚ-ਨੋਚ ਖਾਧੀ ਬਜ਼ੁਰਗ ਔਰਤ ਪਿੰਡ ਵਾਸੀ ਸੁਰਜੀਤ ਸਿੰਘ ਅਤੇ ਮੱਖਣ ਸਿੰਘ ਨੇ ਦੱਸਿਆ ਕਿ ਅਵਾਰਾ ਕੁੱਤੇ ਬਜ਼ੁਰਗ ਔਰਤ ਦਲੀਪ ਕੌਰ ਨੂੰ ਘਰ ਵਿੱਚ ਵੜ ਕੇ ਨੋਚ-ਨੋਚ ਕੇ ਖਾ ਗਏ ਅਤੇ ਉਸ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਵੀ ਕਈ ਲੋਕ ਇਨ੍ਹਾਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਅੱਗੇ ਮੰਗ ਕਰਦੇ ਹਨ ਕਿ ਇਸ ਹੱਡਾ ਰੋੜੀ ਨੂੰ ਪਿੰਡ ਵਿੱਚੋਂ ਬਾਹਰ ਕੱਢਿਆ ਜਾਵੇ ਅਤੇ ਅਵਾਰਾ ਕੁੱਤਿਆਂ ਦਾ ਹੱਲ ਕੀਤਾ ਜਾਵੇ। ਉੱਥੇ ਹੀ ਉਨ੍ਹਾਂ ਨੇ ਸਰਕਾਰ ਵੱਲੋਂ ਇਸ ਗਰੀਬ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦੀ ਵੀ ਮੰਗ ਕੀਤੀ।
ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਇਸ ਘਟਨਾ ਦੀ ਨਿੰਦਿਆ ਕਰਦੇ ਹੋਏ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਕਾਨੂੰਨ ਨੂੰ ਰੱਦ ਕਰਕੇ ਨਵਾਂ ਕਾਨੂੰਨ ਬਣਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਸਰਕਾਰ ਆਦਮਖੋਰ ਕੁੱਤਿਆਂ ਨੂੰ ਮਾਰਨ ਦੀ ਇਜਾਜ਼ਤ ਦੇਵੇ। ਉਨ੍ਹਾਂ ਨੇ ਕਿਹਾ ਕਿ ਉਹ ਪਿੰਡ ਵਾਸੀ ਸਮੇਤ ਡਿਪਟੀ ਕਮਿਸ਼ਨਰ ਨਾਲ ਇਸ ਸਬੰਧੀ ਮੁਲਾਕਾਤ ਕਰਨਗੇ ਅਤੇ ਹੱਡਾਰੋੜੀ ਪਿੰਡ ਵਿੱਚੋਂ ਬਾਹਰ ਕੱਢਣ ਲਈ ਮਤਾ ਪਾਸ ਕਰਨਗੇ।