ਮਾਨਸਾ: ਵਿਸ਼ਵ ਮਲੇਰੀਆ ਦਿਵਸ ( World Malaria Day) ’ਤੇ ਪੰਜਾਬ ਸਰਕਾਰ ਦਾ ਰਾਜ ਪੱਧਰੀ ਸਮਾਗਮ ਮਾਨਸਾ ਵਿਖੇ ਮਹਿਕ ਰਿਜੋਰਟ ਵਿੱਚ ਕਰਵਾਇਆ ਗਿਆ, ਜਿਸਨੂੰ ਕੋਰੋਨਾ ਮਹਾਮਾਰੀ ਦੀ ਆਹਟ ਕਾਰਨ ਸੀਮਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਤੇ ਮੈਡੀਕਲ ਸਿੱਖਿਆ ਮੰਤਰੀ ਡਾ. ਵਿਜੈ ਸਿੰਗਲਾ ਪਹੁੰਚੇ, ਜਿੰਨਾਂ ਨਾਲ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਡਾਇਰੈਕਟਰ ਸਿਹਤ ਸੇਵਾਵਾਂ ਤੇ ਪਰਿਵਾਰ ਫੈਮਿਲੀ ਦੇ ਨਾਲ ਡਿਪਟੀ ਕਮਿਸ਼ਨਰ ਮਾਨਸਾ, ਐੱਸ.ਐੱਸ.ਪੀ., ਸਿਵਲ ਸਰਜਨ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਵਿਸ਼ਵ ਮਲੇਰੀਆ ਦਿਵਸ ਮੌਕੇ ਕਰਵਾਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ ਅਤੇ ਅੱਜ ਪੰਜਾਬ ਦਾ ਰਾਜ ਪੱਧਰੀ ਸਮਾਗਮ ਇਥੇ ਮਨਾਇਆ ਗਿਆ ਹੈ ਕਿਉਂਕਿ ਸਾਡਾ ਟੀਚਾ 2024 ਤੱਕ ਪੰਜਾਬ ਨੂੰ ਮਲੇਰੀਆ ਮੁਕਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਮਲੇਰੀਆ ਦਾ ਇੱਕ ਵੀ ਮਾਮਲਾ ਸਾਮਣੇ ਨਹੀਂ ਆਇਆ ਸੀ ਅਤੇ 2024 ਤੱਕ ਮਲੇਰੀਆ ਮੁਕਤ ਪੰਜਾਬ ਦੇ ਟੀਚੇ ਵੱਲ ਵੱਧਦੇ ਹੋਏ ਅੱਜ ਸਿਹਤ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਤੇ ਕਾਰਕੁਨਾਂ ਨਾਲ ਵਿਚਾਰਾਂ ਕੀਤੀਆਂ ਗਈਆਂ ਹਨ।