ਮਾਨਸਾ: ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪੂਰਾ ਪੰਜਾਬ ਵਿਰੋਧ ਵਿੱਚ ਖੜ੍ਹਾ ਨਜ਼ਰ ਆ ਰਿਹਾ ਹੈ। ਖੇਤੀ ਆਰਡੀਨੈਂਸ ਜੋ ਕਿ ਹੁਣ ਕਾਨੂੰਨ ਬਨਣ ਲਈ ਤਿਆਰ ਹਨ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦ ਕੀਤਾ ਗਿਆ ਹੈ। ਇਸ ਬੰਦ ਦੇ ਦੌਰਾਨ ਪੰਜਾਬੀ ਗਾਇਕ ਵੀ ਕਿਸਾਨਾਂ ਨਾਲ ਖੜ੍ਹੇ ਨਜ਼ਰ ਆਏ ਹਨ। ਇਸ ਬੰਦ ਦੌਰਾਨ ਮਾਨਸਾ ਵਿੱਚ ਦਿੱਤੇ ਜਾ ਰਹੇ ਧਰਨੇ ਵਿੱਚ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਵੀ ਕਿਸਾਨਾਂ ਦੇ ਸਮਰਥਨ ਵਿੱਚ ਆ ਪਹੁੰਚੇ। ਉਨ੍ਹਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਸਾਨ ਪੰਜਾਬ ਦੀ ਸਮੁੱਚੀ ਜੀਵਨ ਰੇਖਾ ਦਾ ਅਧਾਰ ਹਨ ਅਤੇ ਜੇਕਰ ਕਿਸਾਨੀ ਨਹੀਂ ਬੱਚਦੀ ਤਾਂ ਪੰਜਾਬ ਵੀ ਬਰਬਾਦ ਹੋ ਜਾਵੇਗਾ।
ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਨਗੇ ਪੰਜਾਬ ਦੇ ਗਾਇਕ: ਗੁਰਵਿੰਦਰ ਬਰਾੜ
ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਕੀਤਾ ਗਿਆ ਹੈ। ਉੱਥੇ ਹੀ ਕਈ ਪੰਜਾਬੀ ਗਾਇਕ ਵੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ ਸੰਘਰਸ਼ ਵਿੱਚ ਨਿੱਤਰੇ ਹਨ।
ਪੰਜਾਬੀ ਗਾਇਕ ਗੁਰਵਿੰਦਰ ਬਰਾੜ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਖੇਤੀ ਆਰਡੀਨੈਂਸ ਪਾਸ ਕੀਤੇ ਹਨ ਉਹ ਕਿਸਾਨ ਵਿਰੋਧੀ ਨੇ ਜਿਸ ਦੇ ਲਈ ਅੱਜ ਦੇਸ਼ ਦਾ ਕਿਸਾਨ ਸੜਕਾਂ 'ਤੇ ਆਉਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਕਿਸਾਨ ਆਪਣਾ ਸੰਘਰਸ਼ ਹੋਰ ਵੀ ਤੇਜ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਲਾਕਾਰ ਕਿਸਾਨਾਂ ਦੇ ਪੁੱਤ ਹਨ ਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਜਦੋਂ ਵੀ ਕਿਸਾਨਾਂ ਨੂੰ ਕੋਈ ਦਰਦ ਹੁੰਦਾ ਹੈ ਤਾਂ ਉਹ ਆਪਣੇ ਗੀਤਾਂ ਰਾਹੀਂ ਦਰਦ ਬਿਆਨ ਕਰਕੇ ਸਰਕਾਰਾਂ ਨੂੰ ਚੋਟ ਲਾਉਂਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਅੱਜ ਪੰਜਾਬ ਦੇ ਹਰ ਕਲਾਕਾਰ ਹਰ ਵਰਗ ਨੂੰ ਕਿਸਾਨਾਂ ਦੇ ਨਾਲ ਖੜ੍ਹਨ ਦੀ ਜ਼ਰੂਰਤ ਹੈ ਤਾਂ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸਾਂ ਨੂੰ ਰੱਦ ਕਰਵਾਇਆ ਜਾ ਸਕੇ।