ਮਾਨਸਾ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਬੇਸ਼ੱਕ ਹਰ ਕਾਰੋਬਾਰ ਪ੍ਰਭਾਵਿਤ ਹੋਇਆ ਹੈ ਪਰ ਮੈਰਿਜ ਪੈਲੇਸ ਮਾਲਕਾਂ ਅਤੇ ਲਾਈਟਾਂ ਵਾਲਿਆਂ ਦਾ ਕਾਰੋਬਾਰ ਤਬਾਹ ਹੋਣ ਦੇ ਕੰਢੇ ਹੈ। ਉੱਥੇ ਹੀ ਜੇ ਘੋੜੀ ਬੱਗੀ ਅਤੇ ਬੈਂਡ ਵਾਜੇ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਭੁੱਖਮਰੀ ਦੀ ਕਗਾਰ 'ਤੇ ਪਹੁੰਚ ਚੁੱਕੇ ਹਨ।
ਕੋਰੋਨਾ ਨੇ ਖੋਹਿਆ ਰੁਜ਼ਗਾਰ, ਪਏ ਰੋਟੀ ਦੇ ਲਾਲੇ ਪੰਜਾਬ ਸਰਕਾਰ ਨੇ 30 ਲੋਕਾਂ ਨੂੰ ਹੀ ਵਿਆਹ ਸਮਗਾਮ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਹੈ। ਅਜਿਹੇ 'ਚ ਘੋੜੀ ਬੱਘੀ ਅਤੇ ਬੈਂਡ ਵਾਜੇ ਵਾਲਿਆਂ ਦੀ ਕੋਈ ਪੁੱਛ ਮੰਗ ਨਹੀਂ ਹੋ ਰਹੀ ਹੈ। ਇਨ੍ਹਾਂ ਸਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਕੰਮ ਮੁੜ ਲੀਹ 'ਤੇ ਆਵੇ ਇਸ ਲਈ ਵਿਆਹ ਸਮਾਗਮਾਂ 'ਚ ਲੋਕਾਂ ਦੇ ਸ਼ਾਮਲ ਹੋਣ ਦੀ ਸੀਮਾ ਨੂੰ ਹਟਾਇਆ ਜਾਵੇ।
ਆਮ ਲੋਕਾਂ ਵੱਲੋਂ ਵਿਆਹ ਸਮਾਗਮਾਂ ਵਿੱਚ ਸਜਾਵਟ ਦੇ ਲਈ ਲਾਈਟਾਂ ਅਤੇ ਟੈਂਟਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਵਿਆਹਾਂ ਵਿੱਚ ਟੈਂਟ ਲਾਈਟ ਲਾਉਣ ਵਾਲੇ ਵਿਅਕਤੀ ਚੰਗੀ ਕਮਾਈ ਕਰਦੇ ਸਨ। ਪਰ ਕੋਰੋਨਾ ਮਹਾਂਮਾਰੀ ਦਾ ਅਸਰ ਲਾਈਟ ਕਾਰੋਬਾਰੀਆਂ 'ਤੇ ਵੀ ਦਿਖਾਈ ਦੇ ਰਿਹਾ ਹੈ ਅਤੇ ਇਨ੍ਹਾਂ ਦਾ ਸਾਮਾਨ ਵਰਤੋਂ ਵਿੱਚ ਨਾ ਆਉਣ ਕਾਰਨ ਖ਼ਰਾਬ ਹੋ ਰਿਹਾ ਹੈ।
ਵਿਆਹ ਵਿੱਚ ਟੈਂਟ ਅਤੇ ਲਾਈਟ ਦੀ ਵਿਵਸਥਾ ਕਰਨ ਵਾਲੇ ਦਰਸ਼ਨ ਕੁਮਾਰ ਨੇ ਦੱਸਿਆ ਕਿ ਲੌਕਡਾਊਨ ਦੇ ਚੱਲਦਿਆਂ ਉਨ੍ਹਾਂ ਦਾ ਕੰਮ ਠੱਪ ਹੋ ਗਿਆ ਹੈ ਕਿਉਂਕਿ ਲੌਕਡਾਊਨ ਤੋਂ ਪਹਿਲਾਂ ਉਨ੍ਹਾਂ ਕੋਲ ਕਾਫੀ ਸਾਰੇ ਪ੍ਰੋਗਰਾਮ ਬੁੱਕ ਸਨ ਪਰ ਤਾਲਾਬੰਦੀ ਕਾਰਨ ਸਾਰੇ ਹੀ ਪ੍ਰੋਗਰਾਮ ਰੱਦ ਹੋ ਗਏ ਹਨ।
ਵਿਆਹ ਨਾ ਹੋਣ ਦੇ ਚੱਲਦਿਆਂ ਇਹ ਸਾਰੇ ਕਾਮੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਇੱਕ ਪਾਸੇ ਉਨ੍ਹਾਂ ਨੂੰ ਰੋਟੀ ਦੀ ਚਿੰਤਾ ਸਤਾ ਰਹੀ ਹੈ ਤਾਂ ਦੂਜੇ ਪਾਸੇ ਉਨ੍ਹਾਂ ਨੂੰ ਕਿਸ਼ਤਾਂ ਵਾਲੇ ਕਿਸ਼ਤ ਅਦਾ ਕਰਨ ਅਤੇ ਦੁਕਾਨ ਮਾਲਕ ਦੁਕਾਨ ਦਾ ਕਿਰਾਇਆ ਦੇਣ ਲਈ ਪ੍ਰੇਸ਼ਾਨ ਕਰ ਰਹੇ ਹਨ।