ਮਾਨਸਾ:ਬੀਤੇ ਦਿਨਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਕੈਬਨਿਟ ਮੰਤਰੀ ਵਿਜੇ ਸਿੰਗਲਾ ਖਿਲਾਫ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਵੱਲੋਂ ਵਿਜੇ ਸਿੰਗਲਾ ਨੂੰ ਹਿਰਾਸਤ ਚ ਲੈ ਲਿਆ ਹੈ। ਇਸ ਸਬੰਧੀ ਪ੍ਰਸਿੱਧ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ 'ਤੇ ਪੁਲਿਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਿੰਗਲਾ ਵਰਗੇ ਕਈ ਲੋਕ ਹਨ ਜੋ ਪੰਜਾਬ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਹੇ ਹਨ।
ਇਹ ਵੀ ਪੜੋ:ਡਾ. ਵਿਜੇ ਸਿੰਗਲਾ ਦੇ ਅਰਸ਼ਾਂ ਤੋਂ ਫਰਸ਼ਾਂ ’ਤੇ ਪਹੁੰਚਣ ਦੀ ਕਹਾਣੀ, ਵੇਖੋ ਇਸ ਖਾਸ ਰਿਪੋਰਟ ’ਚ
ਉਹਨਾਂ ਨੇ ਕਿਹਾ ਕਿ ਟਰੱਕ ਯੂਨੀਅਨ ‘ਤੇ ਕਬਜਾ ਕਰ ਲਿਆ ਗਿਆ, ਜਿਹੜੇ ਲੋਕ ਦੂਜੀਆਂ ਪਾਰਟੀਆਂ ਵਿੱਚ ਆ ਕੇ ਗੁੰਡਾਗਰਦੀ ਕਰਦੇ ਸਨ ਤੇ ਪੰਜਾਬ ਨੂੰ ਲੁੱਟ ਰਹੇ ਸਨ, ਅੱਜ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕੰਮ ਕਰ ਰਹੇ ਹਨ, ਉਹਨਾਂ ਖਿਲਾਫ ਵੱਡੀ ਕਾਰਵਾਈ ਕਰਨ ਦੀ ਲੋੜ ਹੈ। ਸਿੱਧੂ ਮੂਸੇਵਾਲਾ ਨੇ ਡਾ. ਸਿੰਗਲਾ 'ਤੇ ਕਾਰਵਾਈ ਬਾਰੇ ਨੇ ਕਿਹਾ ਕਿ ਅੱਜ ਉਹ ਸ਼ਰਮ ਮਹਿਸੂਸ ਕਰ ਰਹੇ ਹਨ ਕਿਉਂਕਿ ਡਾ. ਸਿੰਗਲਾ ਨੇ ਮਾਨਸਾ ਦਾ ਨਾਮ ਵਿਗਾੜਿਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਚੋਣਾਂ ਸਮੇਂ ਪਾਰਟੀ ਛੱਡ ਕੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਚੁਣਨ ਲਈ ਕਹਿ ਰਹੇ ਸਨ, ਪਰ ਲੋਕਾਂ ਨੇ ਮੈਨੂੰ ਨਹੀਂ ਡਾ. ਵਿਜੇ ਨੂੰ ਚੁਣਿਆ।
ਪੁਲਿਸ ਰਿਮਾਂਡ ’ਤੇ ਮੰਤਰੀ ਸਿੰਗਲਾ:ਗ੍ਰਿਫ਼ਤਾਰੀ ਤੋਂ ਬਾਅਦ ਮੰਤਰੀਸਿੰਗਲਾ ਨੂੰ ਮੁਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਡਾ. ਸਿੰਗਲਾ ਨੂੰ 27 ਮਈ ਤੱਕ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਸਿੰਗਲਾ 'ਤੇ ਅਧਿਕਾਰੀਆਂ ਤੋਂ ਕਮਿਸ਼ਨ ਮੰਗਣ ਦਾ ਦੋਸ਼ ਸੀ। ਦੱਸਿਆ ਜਾ ਰਿਹਾ ਹੈ ਕਿ ਸੀਐੱਮ ਮਾਨ ਕੋਲ ਇਸ ਗੱਲ ਦੇ ਪੁਖਤਾ ਸਬੂਤ ਸਨ ਕਿ ਸਿਹਤ ਮੰਤਰੀ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ।