ਮਾਨਸਾ :ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਇਨਸਾਫ਼ ਦੇ ਲਈ ਹਰ ਐਤਵਾਰ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਨੂੰ ਸੰਬੋਧਨ ਕੀਤਾ ਜਾਂਦਾ ਹੈ ਅੱਜ ਫਿਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਹ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ਼ ਲਈ ਠੋਕਰਾਂ ਖਾ ਰਹੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਇਨਸਾਫ ਦੇਣ ਦੀ ਬਜਾਏ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਜਲੰਧਰ ਚੋਣਾਂ ਵਿੱਚ ਜਾ ਸਕਦੇ ਹਨ। ਹੁਣ ਸਰਕਾਰ ਇਸੇ ਨੂੰ ਮੁੱਖ ਰੱਖ ਕੇ ਸਿੱਧੂ ਮੂਸੇਵਾਲਾ ਦੀ ਸਾਖ ਨੂੰ ਵੱਟਾ ਲਾ ਕੇ ਬਦਨਾਮ ਕਰਨ ਦੇ ਲਈ ਨਵੀਆਂ-ਨਵੀਆਂ ਸਾਜ਼ਿਸ਼ਾਂ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਖਿਲਾਫ ਜਲੰਧਰ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਜਾਣਗੇ। ਬਲਕੌਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਨੂੰ ਵੋਟ ਨਾ ਦਿਓ।ਹੋਰ ਕਿਸੇ ਵੀ ਪਾਰਟੀ ਨੂੰ ਵੋਟ ਪਾ ਦਿਓ ਪਰ ਸੂਬਾ ਸਰਕਾਰ ਨੂੰ ਨਹੀਂ। ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਵੱਲੋਂ ਸਿੱਧੂ ਮੂਸੇਵਾਲਾ ਨੂੰ ਲੈ ਕੇ ਦਿੱਤੇ ਗਏ ਬਿਆਨ ਉੱਤੇ ਪਲਟਵਾਰ ਕੀਤਾ ਹੈ।