ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲੀ ਦੇ ਮਨਮੋਹਣ ਸਿੰਘ ਮੋਹਣਾ ਦੀ ਗੋਇੰਦਵਾਲ ਜੇਲ੍ਹ ਵਿੱਚ ਮੌਤ ਹੋ ਗਈ ਹੈ। ਮਨਮੋਹਣ ਸਿੰਘ ਮੋਹਣਾ ਉਤੇ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਦੇ ਦੋਸ਼ ਸਨ ਤੇ ਇਸ ਦੀ ਸੂਚਨਾ ਗੈਂਗਸਟਰਾਂ ਤੱਕ ਪਹੁੰਚਾਈ ਗਈ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਨਮੋਹਣ ਸਿੰਘ ਮੋਹਣਾ ਜੋ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੰਦ ਸੀ, ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਕਰ ਕੇ ਗੋਇੰਦਵਾਲ ਦੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ। ਜਿੱਥੇ ਦੋ ਗੁੱਟਾਂ ਦੇ ਵਿਚਕਾਰ ਹੋਈ ਲੜਾਈ ਦੇ ਦੌਰਾਨ ਮਨਮੋਹਣ ਸਿੰਘ ਮੋਹਣਾ ਤੇ ਮਨਦੀਪ ਤੂਫਾਨ ਦੀ ਮੌਤ ਹੋ ਗਈ ਹੈ।
ਗੈਂਗਸਟਰਾਂ ਦੀ ਹੋਈ ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੇ ਨਜ਼ਦੀਕੀਆ ਦਾ ਕਹਿਣਾ ਹੈ ਕਿ ਉਹ ਪਿਛਲੇ 10 ਮਹੀਨੇ ਤੋਂ ਸਰਕਾਰ ਤੋਂ ਇਨਸਾਫ਼ ਮੰਗ ਰਹੇ ਹਨ ਪਰ ਸਰਕਾਰ ਨੇ ਇਨਸਾਫ਼ ਨਹੀਂ ਦਿੱਤਾ ਤੇ ਪ੍ਰਮਾਤਮਾ ਨੇ ਇਨਸਾਫ਼ ਦਿੱਤਾ ਹੈ ਪਰ ਅਜੇ ਵੀ ਬਹੁਤ ਸਾਰੇ ਦੋਸ਼ੀ ਬਾਹਰ ਘੁੰਮ ਰਹੇ ਹਨ।
ਮਨਦੀਪ ਤੂਫਾਨ ਮੂਸੇਵਾਲਾ ਕਤਲ ਕਾਂਡ ਦਾ ਸਟੈਂਡਬਾਏ ਸ਼ੂਟਰ ਸੀ : ਮਨਦੀਪ ਤੂਫਾਨ ਵੀ ਸਿੱਧੂ ਮੂਸੇਵਾਲਾ ਕਤਲ ਕਾਂਡ ਵਾਲੇ ਦਿਨ ਮੌਕੇ ਦੇ ਆਸ-ਪਾਸ ਮੌਜੂਦ ਸੀ। ਗੋਲਡੀ ਬਰਾੜ ਨੇ ਜੱਗੂ ਭਗਵਾਨਪੁਰੀਆ ਦੇ ਖਾਸ ਮਨਦੀਪ ਤੂਫਾਨ ਤੋਂ ਇਲਾਵਾ ਮਨੀ ਰਈਆ ਨੂੰ ਸਟੈਂਡਬਾਏ 'ਤੇ ਰੱਖਿਆ ਹੋਇਆ ਸੀ। ਉਸ ਨੂੰ ਜਗਰੂਪ ਉਰਫ਼ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਕਵਰ ਕਰਨ ਲਈ ਕਿਹਾ ਗਿਆ ਸੀ। ਜੱਗੂ ਭਗਵਾਨਪੁਰੀਆ ਤੋਂ ਪੁੱਛਗਿੱਛ ਤੋਂ ਬਾਅਦ ਮਨਦੀਪ ਤੂਫਾਨ ਦਾ ਨਾਂ ਆਇਆ ਸਾਹਮਣੇ।