ਮਾਨਸਾ:ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਹਮਲਾਵਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਨ ਗਵਾਉਣ ਵਾਲੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦਾ ਆਦਮਕਦ ਬੁੱਤ ਪਰਿਵਾਰ ਵੱਲੋਂ ਬਣਾਏ ਗਏ ਸਮਾਰਕ ’ਤੇ ਸਥਾਪਤ ਕੀਤਾ ਗਿਆ ਹੈ। ਪਿੰਡ ਮਾਣੂਕੇ ਦੇ ਬੁੱਤਕਾਰ ਇਕਬਾਲ ਗਿੱਲ ਵੱਲੋਂ ਬਣਾਏ ਸਿੱਧੂ ਮੂਸੇ ਵਾਲਾ ਦੇ ਆਦਮਕਦ ਬੁੱਤ ਨੂੰ ਸਥਾਪਤ ਕਰਨ ਦੀ ਰਸਮ ਸਿੱਧੂ ਦੇ ਮਾਤਾ ਪਿਤਾ ਨੇ ਭਾਰੀ ਗਿਣਤੀ ਵਿੱਚ ਸਿੱਧੂ ਨੂੰ ਚਾਹੁਣ ਵਾਲਿਆਂ ਦੀ ਮੌਜੂਦਗੀ ਵਿੱਚ ਕੀਤੀ। ਉਥੇ ਹੀ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਿੱਧੂ ਨੂੰ ਮਾਰਨ ਵਾਲੇ ਸ਼ੂਟਰਾਂ ਅਤੇ ਉਨ੍ਹਾਂ ਸੂਟਰਾਂ ਦੇ ਵਿਦੇਸ਼ਾਂ ਵਿੱਚ ਬੈਠੇ ਆਕਾਵਾਂ ਦਾ ਹੱਲ ਨਹੀਂ ਕਰਦੀ ਉਦੋਂ ਤੱਕ ਇਨਸਾਫ ਅਧੂਰਾ ਹੈ।
ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦਾ ਸੰਬੋਧਨ: ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੀ ਸਭ ਦੀ ਸ਼ਰਧਾ ਅੱਗੇ ਮੇਰਾ ਸਿਰ ਝੁਕਦਾ ਹੈ, ਕਿਉਂਕਿ ਦੋ ਮਹੀਨੇ ਬੀਤਣ ਦੇ ਬਾਵਜੂਦ ਤੁਹਾਡਾ ਪਿਆਰ ’ਤੇ ਖਿੱਚ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਰੁਝੇਵਿਆਂ ਦੇ ਬਾਵਜੂਦ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਐਤਵਾਰ ਨੂੰ ਤੁਹਾਨੂੰ ਸਭ ਨੂੰ ਸਮਾਂ ਦਿੱਤਾ ਜਾਵੇ ਕਿਉਂਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਉਸ ਵਿੱਚ ਸਮੇਂ-ਸਮੇਂ ਤੇ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਅੱਗੇ ਅਰਦਾਸ ਹੈ ਕਿ ਜੰਗ ਇਨਸਾਫ ਮਿਲੇ ਕਿਉਂਕਿ ਪੁਲਿਸ ਪ੍ਰਸ਼ਾਸਨ ਆਪਣੇ ਕੰਮ ਵਿੱਚ ਲੱਗਾ ਹੋਇਆ ਹੈ ਅਤੇ ਉਮੀਦ ਹੈ ਕਿ ਕੁਝ ਚੰਗਾ ਸੁਣਨ ਨੂੰ ਮਿਲੇਗਾ।
ਵਿਦੇਸ਼ ਚ ਬੈਠੇ ਅਕਾਵਾਂ ਖਿਲਾਫ ਕਾਰਵਾਈ ਦੀ ਮੰਗ: ਉਨ੍ਹਾਂ ਕਿਹਾ ਕਿ ਪਾਪੀਆਂ ਨੇ ਇੱਕ ਨਿਰਦੋਸ਼ ਉੱਪਰ ਗੋਲੀਆਂ ਚਲਾਈਆਂ ਹਨ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿਸ ’ਤੇ ਗੋਲੀਆਂ ਚਲਾ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਤਕ ਸਰਕਾਰ ਸ਼ੂਟਰਾਂ ਨੂੰ ਹੁਕਮ ਦੇਣ ਵਾਲੇ ਵਿਦੇਸ਼ਾਂ ਵਿੱਚ ਬੈਠੇ ਹੁਕਮਰਾਨਾਂ ਦਾ ਕੋਈ ਹੱਲ ਨਹੀਂ ਹੁੰਦਾ, ਤਦ ਤੱਕ ਇਨਸਾਫ ਅਧੂਰਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਇੰਨੀ ਕੁ ਆਜ਼ਾਦੀ ਚਾਹੁੰਦਾ ਹੈ ਕਿ ਉਹ ਬੇਖੌਫ ਹੋ ਕੇ ਆਪਣੇ ਕੰਮ-ਧੰਦੇ ਜਾ ਸਕੇ ਅਤੇ ਹਰ ਨਾਗਰਿਕ ਨੂੰ ਇੰਨੀ ਕੁ ਸੁਰੱਖਿਆ ਦੇਣਾ ਸਰਕਾਰ ਦੀ ਡਿਊਟੀ ਬਣਦੀ ਹੈ।
ਮੂਸੇਵਾਲਾ ਦੇ ਪਿਤਾ ਦੀ ਸਰਕਾਰਾਂ ਨੂੰ ਅਪੀਲ :ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਮੌਜੂਦਾ ਹਾਲਾਤ ਬਹੁਤ ਮਾੜੇ ਹਨ ਅਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੇ ਜਿਹੇ ਹਾਲਾਤ ਕਿਸੇ ਹੋਰ ਦੇ ਨਾ ਬਣਨ। ਉਨ੍ਹਾਂ ਕਿਹਾ ਕਿ ਸਿੱਧੂ ਚਲਾ ਗਿਆ ਹੈ ਪਰ ਪਿੱਛੇ ਕਾਫੀ ਸਵਾਲ ਛੱਡ ਗਿਆ ਹੈ। ਉਨ੍ਹਾਂ ਕਿਹਾ ਕਿ ਪਾਪੀ ਟੀ ਵੀ ਚੈਨਲਾਂ ਤੇ ਬੈਠ ਕੇ ਕਹਿ ਰਹੇ ਹਨ ਕਿ ਉਸਨੂੰ ਤਾਂ ਅਸੀਂ ਮਾਰਨਾ ਹੀ ਸੀ ਅਤੇ ਅਸੀਂ ਹੀ ਉਸਨੂੰ ਮਰਵਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਸਮਝਣਾ ਬਹੁਤ ਔਖਾ ਹੈ ਕਿ ਜੋ ਵਿਅਕਤੀ ਕਹਿ ਰਿਹਾ ਹੈ ਕਿ ਮੈ ਸਿੱਧੂ ਨੂੰ ਮਾਰਿਆ ਹੈ, ਫਿਰ ਉਸ ਨੂੰ ਸੁਰੱਖਿਆ ਕਿਉਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਜਿਵੇਂ ਮੇਰੇ ਪੁੱਤ ਨੂੰ ਸੜਕ ਤੇ ਗੋਲੀਆਂ ਮਾਰ ਕੇ ਛਲਣੀ ਕੀਤਾ ਗਿਆ ਹੈ, ਉਸੇ ਤਰ੍ਹਾਂ ਜਦੋਂ ਉਹ ਪਾਪੀ ਅਦਾਲਤ ਵਿੱਚ ਜਾਣ ਤਾਂ ਉਹਨਾਂ ਨੂੰ ਸੁਰੱਖਿਆ ਨਾ ਦਿੱਤੀ ਜਾਵੇ ਅਤੇ ਅਸੀਂ ਉਨ੍ਹਾਂ ਨਾਲ ਸਿੱਧੇ ਹੋ ਕੇ ਦੇਖ ਲਈਏ।