ਮਾਨਸਾ:ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਦੇ ਇੱਕ ਸਾਲ ਬਾਅਦ ਉਸ ਦੇ ਪਰਿਵਾਰ ਨੂੰ ਅਦਾਲਤ ਵਿੱਚੋਂ ਉਸ ਦਾ ਪਿਸਤੌਲ ਅਤੇ ਦੋ ਮੋਬਾਈਲ ਵਾਪਸ ਮਿਲ ਗਏ ਹਨ। ਪਰਿਵਾਰ ਨੇ ਇਸ ਦੀ ਅਪੀਲ ਕੀਤੀ ਸੀ। ਹਾਲਾਂਕਿ, ਅਦਾਲਤ 'ਚ ਹਰ ਪੇਸ਼ੀ 'ਤੇ ਉਨ੍ਹਾਂ ਨੂੰ ਆਪਣੇ ਨਾਲ ਮੋਬਾਈਲ ਅਤੇ ਪਿਸਤੌਲ ਲਿਆਉਣਾ ਹੋਵੇਗਾ। ਮੂਸੇਵਾਲਾ ਦੇ ਪਰਿਵਾਰ ਨੂੰ ਪਿਸਤੌਲ ਲਈ 4 ਲੱਖ ਰੁਪਏ ਅਤੇ ਮੋਬਾਈਲ ਲਈ 1 ਲੱਖ ਰੁਪਏ ਦਾ ਮੁਚੱਲਕਾ ਭਰਨਾ ਪਿਆ। ਇਹ ਪਿਸਤੌਲ ਹੁਣ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਨਾਂਏਅ 'ਤੇ ਦਰਜ ਹੋਵੇਗੀ।
ਮੋਬਾਈਲ ਅਤੇ ਪਿਸਤੌਲ ਅੱਗੇ ਨਹੀਂ ਵੇਚ ਸਕਦੇ: ਐਡਵੋਕੇਟ ਲਖਨਪਾਲ ਨੇ ਦੱਸਿਆ ਕਿ ਅਦਾਲਤ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਕਿਹਾ ਹੈ ਕਿ ਜਦੋਂ ਤੱਕ ਕਤਲ ਦਾ ਕੇਸ ਚੱਲ ਰਿਹਾ ਹੈ, ਉਹ ਦੋ ਮੋਬਾਈਲ, (ਜਿਸ ਵਿੱਚ ਇਕ ਆਈਫੋਨ ਤੇ ਦੂਜਾ ਓਪੋ ਦਾ ਹੈ) ਅਤੇ ਪਿਸਤੌਲ ਅੱਗੇ ਨਹੀਂ ਵੇਚ ਸਕਦੇ। ਇਸ ਤੋਂ ਇਲਾਵਾ ਪਿਸਤੌਲ ਅਤੇ ਮੋਬਾਈਲ ਦਾ ਰੰਗ ਵੀ ਨਹੀਂ ਬਦਲਿਆ ਜਾਵੇਗਾ। ਇਹ ਪਿਤਾ ਬਲਕੌਰ ਸਿੰਘ ਨੂੰ ਸਪੁਰਦ ਕੀਤਾ ਹੈ। ਦੂਜੇ ਪਾਸੇ, ਕੁਲਦੀਪ ਸਿੰਘ ਮੂਸਾ ਨੇ ਦੱਸਿਆ ਮੋਬਾਇਲ ਖੁੱਲ੍ਹਵਾਉਣ ਦੀ ਪੁਲਿਸ ਤੇ ਪ੍ਰਸ਼ਾਸਨ ਵਲੋਂ ਕਾਫੀ ਕੋਸ਼ਿਸ਼ ਕੀਤੀ ਗਈ, ਪਰ ਉਸ ਚੋਂ ਕੁਝ ਨਹੀਂ ਮਿਲਿਆ ਹੈ।