ਮਾਨਸਾ: ਮਾਨਸਾ ਦੀ ਅਦਾਲਤ ਨੇ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਮਨਮੋਹਨ ਸਿੰਘ ਮੋਹਣਾ ਦੀ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਬੁਢਲਾਡਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਮਨਮੋਹਨ ਸਿੰਘ ਮੋਹਣਾ ਦੀ ਜ਼ਮਾਨਤ ਦੀ ਅਰਜ਼ੀ ਅਦਾਲਤ ਨੇ ਇਹ ਟਿੱਪਣੀ ਕਰਕੇ ਰੱਦ ਕਰ ਦਿੱਤੀ ਕਿ ਜੇਕਰ ਮੁਲਜ਼ਮ ਨੂੰ ਜ਼ਮਾਨਤ ਦਿੱਤੀ ਗਈ ਤਾਂ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਉਹ ਸਬੂਤਾਂ ਨਾਲ ਛੇੜਛਾੜ ਕਰੇਗਾ ਅਤੇ ਗਵਾਹਾਂ ਨੂੰ ਧਮਕੀਆਂ ਵੀ ਦੇਵੇਗਾ। ਪੁਲਿਸ ਮੋਹਣਾ ਦੇ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨਾਲ ਸਬੰਧਾਂ ਦੀ ਜਾਂਚ ਕਰ ਰਹੀ ਹੈ। ਮੋਹਣਾ ‘ਤੇ ਬੀਤੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਦਾ ਦੋਸ਼ ਹੈ |
ਇਹ ਵੀ ਪੜ੍ਹੋ:Navjot Singh Sidhu Release: ਸਿੱਧੂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਉਮੀਦ ਟੁੱਟੀ, ਹੁਣ ਇਸ ਦਿਨ ਰਿਹਾਈ ਦੀ ਆਸ
ਮੋਹਣਾ ਦੀ ਤਸਵੀਰ ਆਈ ਸੀ ਸਾਹਮਣੇ:ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਇੱਕ ਹੋਰ ਨਵੇਂ ਮੁਲਜ਼ਮ ਦਾ ਨਾਂ ਸਾਹਮਣੇ ਆਇਆ ਸੀ। ਮਨਮੋਹਨ ਸਿੰਘ ਮੋਹਣਾ ਨਾਮਕ ਨੌਜਵਾਨ ਦਾ ਨਾਂਅ ਸਾਹਮਣੇ ਆਉਣ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਮੋਹਣਾ 'ਤੇ ਸਿੱਧੂ ਮੂਸੇਵਾਲਾ ਦੀ ਰੇਕੀ ਦੇ ਇਲਜ਼ਾਮ ਲੱਗੇ ਸਨ।ਇਸ ਮਾਮਲੇ ਵਿਚ ਮਨਮੋਹਨ ਮੋਹਣਾ ਦੀ ਇੱਕ ਤਸਵੀਰ ਸਾਹਮਣੇ ਆਈ ਸੀ। ਇਸ ਤਸਵੀਰ ਵਿਚ ਵੇਖਣ ਨੂੰ ਮਿਲਿਆ ਕਿ ਚੋਣਾਂ ਦੌਰਾਨ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਹੀ ਮਨਮੋਹਨ ਮੋਹਣਾ ਨੂੰ ਚੋਣਾਂ ਦੌਰਾਨ ਕਾਂਗਰਸ ਪਾਰਟੀ 'ਚ ਸ਼ਾਮਿਲ ਕੀਤਾ ਸੀ।
ਰਾਜਾ ਵੜਿੰਗ ਉੱਤੇ ਭੜਕੇ ਸੀ ਸਿੱਧੂ ਦੇ ਪ੍ਰਸ਼ੰਸਕ:ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦਾ ਗੁੱਸਾ ਰਾਜਾ ਵੜਿੰਗ 'ਤੇ ਟੁੱਟਿਆ ਸੀ। ਹਾਲਾਂਕਿ ਇਹ ਜਾਂਚ ਦਾ ਵਿਸ਼ਾ ਸੀ ਤੇ ਪੰਜਾਬ ਪੁਲਿਸ ਦੀ ਸੁਰੱਖਿਆ ਏਜੰਸੀਆਂ ਤੋਂ ਇਲਾਵਾ ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਵੀ ਆਪਣੇ ਪੱਧਰ 'ਤੇ ਇਸ ਮੁੱਦੇ ਦੀ ਜਾਂਚ ਕਰਨ ਦਾ ਦਾਅਵਾ ਕੀਤਾ ਸੀ। ਮਨਮੋਹਨ ਸਿੰਘ ਮੋਹਣਾ 'ਤੇ ਦੋਸ਼ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਸ ਵਿਅਕਤੀ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ, ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਮਨਮੋਹਨ ਸਿੰਘ 'ਤੇ ਸ਼ਿਕੰਜਾ ਕੱਸ ਦਿੱਤਾ।