ਬਲਕੌਰ ਸਿੰਘ ਮੀਡੀਆ ਨਾਲ ਗੱਲ ਕਰਦੇ ਹੋਏ ਮਾਨਸਾ: ਜੇਲ੍ਹ 'ਚੋਂ ਹੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਇਕ ਵਾਰ ਫਿਰ ਚਰਚੇ ਹੋ ਰਹੇ ਹਨ। ਇਸ ਮਾਮਲੇ ਵਿਚ ਹੁਣ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ 15 ਦਿਨਾਂ ਵਿਚ ਸਟੇਟਸ ਰਿਪੋਰਟ ਮੰਗੀ ਹੈ ਤੇ ਜਵਾਬ ਦੇਣ ਲਈ 1 ਮਹੀਨਾ ਦਿੱਤਾ ਹੈ। ਇਸ ਮਾਮਲੇ 'ਚ ਕਾਰਵਾਈ ਤੋਂ ਬਾਅਦ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨਯੋਗ ਅਦਾਲਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਦਾਲਤ 'ਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ।
ਹਾਈਕੋਰਟ ਦੀ ਕਾਰਵਾਈ ਦਾ ਕੀਤਾ ਸਵਾਗਤ: ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਦਾਲਤ ਵੱਲੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੇ ਜਾਣ 'ਤੇ ਅਸੀਂ ਮਾਨਯੋਗ ਹਾਈਕੋਰਟ ਦਾ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਕਿ ਲਗਾਤਾਰ ਅਸੀਂ ਸਰਕਾਰ ਤੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਦੀ ਇੰਟਰਵਿਊ 'ਤੇ ਕਾਰਵਾਈ ਨਾ ਕਰਨ ਦੇ ਲਈ ਹਰ ਐਤਵਾਰ ਨੂੰ ਸਵਾਲ ਪੁੱਛ ਰਹੇ ਸੀ ਅਤੇ ਅਦਾਲਤ ਨੇ ਖੁਦ ਇਸ ਮਾਮਲੇ ਦੇ ਵਿੱਚ ਹੁਣ ਸਖ਼ਤ ਰੁੱਖ ਅਪਣਾਇਆ ਹੈ। ਜਿਸ ਲਈ ਅਸੀਂ ਅਦਾਲਤ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਉਹਨਾਂ ਸਰਕਾਰ ਨੂੰ ਸਵਾਲ ਕੀਤਾ ਕਿ ਸਰਕਾਰ ਨੇ ਇਸ ਬਾਰੇ ਅਜੇ ਤੱਕ ਚੁੱਪ ਕਿਉਂ ਧਾਰੀ ਹੋਈ ਹੈ।
ਮੂਸੇਵਾਲਾ ਦਾ ਨਵਾਂ ਗੀਤ:ਉਧਰ ਦਿਵਾਲੀ ਦੇ ਦਿਨ ਸਿੱਧੂ ਮੂਸੇ ਵਾਲੇ ਦਾ ਨਵਾਂ ਗੀਤ ਰਿਲੀਜ਼ ਹੋਣ 'ਤੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਲਗਾਤਾਰ ਸਿੱਧੂ ਮੂਸੇ ਵਾਲਾ ਦੇ ਪ੍ਰਸੰਸਕ ਉਸ ਦੇ ਨਵੇਂ ਗੀਤ ਦੀ ਉਡੀਕ ਕਰ ਰਹੇ ਸਨ ਅਤੇ ਸੋਸ਼ਲ ਮੀਡੀਆ ਰਾਹੀਂ ਗੀਤ ਰਿਲੀਜ਼ ਕਰਨ ਦੀ ਅਪੀਲ ਕਰ ਰਹੇ ਸਨ। ਉਹਨਾਂ ਕਿਹਾ ਕਿ ਜਨਵਰੀ ਦੀ ਜਗ੍ਹਾ ਹੁਣ ਸਿੱਧੂ ਮੂਸੇ ਵਾਲੇ ਦਾ ਗੀਤ ਇਸੇ ਮਹੀਨੇ 12 ਨਵੰਬਰ ਨੂੰ ਦਿਵਾਲੀ ਵਾਲੇ ਦਿਨ ਰਿਲੀਜ਼ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ 'ਤੇ ਸਿੱਧੂ ਦਾ ਪਿਆਰ ਲੋਕਾਂ ਦੇ ਪ੍ਰਤੀ ਸਾਫ ਝਲਕ ਰਿਹਾ ਹੈ ਅਤੇ ਬਹੁਤ ਸਾਰੇ ਗੀਤ ਅਜੇ ਵੀ ਉਹਨਾਂ ਦੇ ਕੋਲ ਮੌਜੂਦ ਹਨ ਅਤੇ ਲਗਾਤਾਰ ਉਹ ਸਿੱਧੂ ਮੂਸੇਵਾਲਾ ਦੇ ਗੀਤ ਰਿਲੀਜ਼ ਕਰਦੇ ਰਹਿਣਗੇ ਅਤੇ ਇਹ ਗੀਤ ਵੀ ਬਿਲ ਬੋਰਡ 'ਤੇ ਦਿਖਾਈ ਦੇਵੇਗਾ।
ਜੇਲ੍ਹ ਤੋਂ ਲਾਰੈਂਸ ਦੀਆਂ ਦੋ ਇੰਟਰਵਿਊ: ਕਾਬਿਲੇਗੌਰ ਹੈ ਕਿ ਕੁਝ ਮਹੀਨੇ ਪਹਿਲਾਂ ਬਠਿੰਡਾ ਜੇਲ੍ਹ ਵਿੱਚ ਬੈਠੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੇ ਪੰਜਾਬ ਦੀ ਸਿਆਸਤ ਵਿੱਚ ਤਰਥਲੀ ਮਚਾ ਦਿੱਤੀ ਸੀ। ਜੇਲ੍ਹ ਵਿਚ ਬੈਠੇ ਲਾਰੈਂਸ ਬਿਸ਼ਨੋਈ ਦਾ ਇਕ ਨਿੱਜੀ ਚੈਨਲ ਵੱਲੋਂ ਇੰਟਰਵਿਊ ਕੀਤਾ ਗਿਆ ਸੀ। ਇਸ ਤੋਂ ਬਾਅਦ ਅਜਿਹੀ ਸਿਆਸੀ ਹਨੇਰੀ ਝੁੱਲੀ ਕਿ ਸੱਤਾ ਧਿਰ ਨੂੰ ਹਿਲਾਉਣ ਦਾ ਪੂਰਾ ਜ਼ੋਰ ਲਗਾ ਰੱਖਿਆ ਹੈ। ਇਸ ਇੰਟਰਵਿਊ ਤੋਂ ਬਾਅਦ ਰਾਜਸਥਾਨ ਅਤੇ ਬਠਿੰਡਾ ਪੁਲਿਸ ਵੀ ਆਹਮਣੇ- ਸਾਹਮਣੇ ਹੋ ਗਈਆਂ ਸਨ। ਸਰਕਾਰ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਖੜ੍ਹੇ ਹੋ ਰਹੇ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਆਖਿਰਕਾਰ ਜੇਲ੍ਹ ਵਿੱਚੋਂ ਉਸ ਦੀ ਇੰਟਰਵਿਊ ਵੀਡੀਓ ਕਿਵੇਂ ਹੋ ਸਕਦੀ ਹੈ। ਇਸ ਮਾਮਲੇ 'ਚ ਡੀਜੀਪੀ ਪੰਜਾਬ ਗੌਰਵ ਯਾਦਵ ਵਲੋਂ ਸਪੱਸ਼ਟੀਕਰਨ ਵੀ ਦਿੱਤਾ ਗਿਆ ਸੀ ਤੇ ਤਸਵੀਰਾਂ ਵੀ ਜਾਰੀ ਕੀਤੀਆਂ ਸਨ ਤੇ ਕੁਝ ਦਿਨਾਂ ਬਾਅਦ ਹੀ ਉਸ ਤਸਵੀਰਾਂ ਨਾਲ ਮਿਲਦੇ ਹੁਲੀਏ 'ਚ ਦੂਜਾ ਇੰਟਰਵਿਊ ਵੀ ਸਾਹਮਣੇ ਆਇਆ ਸੀ।