ਮਾਨਸਾ: ਪਿੰਡ ਬੀਰੇਵਾਲਾ ਡੋਗਰਾ ਦੇ ਵਸਨੀਕ ਸਿਪਾਹੀ ਗੁਰਤੇਜ ਸਿੰਘ ਜੋ ਪਿਛਲੇ ਦਿਨੀਂ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਦੇ ਖ਼ਿਲਾਫ਼ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ, ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਪਿੰਡ ਬੀਰੇਵਾਲਾ ਡੋਗਰਾ ਵਿਖੇ ਰਾਸ਼ਟਰੀ ਸਨਮਾਨ ਨਾਲ ਸਲਾਮੀ ਦੇ ਕੇ ਕੀਤਾ ਗਿਆ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸ਼ਹੀਦ ਗੁਰਤੇਜ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਦੌਰਾਨ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਪੰਜਾਬ ਦੇ ਲੋਕਾਂ ਵੱਲੋਂ ਸ਼ਹੀਦ ਗੁਰਤੇਜ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਹਨ ਅਤੇ ਉਹ ਸਲਾਮ ਕਰਦੇ ਹਨ, ਉਨ੍ਹਾਂ ਸਾਰੀਆਂ ਮਾਵਾਂ ਨੂੰ ਜੋ ਆਪਣੇ ਜਿਗਰ ਦੇ ਟੁਕੜੇ ਦੇਸ਼ ਦੀ ਰਾਖੀ ਲਈ ਸਰਹੱਦ 'ਤੇ ਤੋਰ ਦਿੰਦੀਆਂ ਨੇ। ਦੇਸ਼ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਜਵਾਨਾਂ 'ਤੇ ਦੇਸ਼ ਨੂੰ ਸਦਾ ਮਾਣ ਰਹੇਗਾ।
ਉਨ੍ਹਾਂ ਪਰਿਵਾਰ ਲਈ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਖੂਨ ਦਾ ਮੁੱਲ ਪੈਸੇ ਨਾਲ ਤਾਂ ਨਹੀਂ ਤੋਲਿਆ ਜਾ ਸਕਦਾ ਪ੍ਰੰਤੂ ਸੂਬਾ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਲਈ 50 ਲੱਖ ਰੁਪਏ ਅਤੇ ਇੱਕ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਗਿਆ ਹੈ।
ਬਾਦਲ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ, ਦੇਸ਼ ਕੌਮ ਲਈ ਜਾਨ ਕੁਰਬਾਨ ਕਰਨ ਵਾਲੇ ਹਮੇਸ਼ਾ ਲੋਕ ਮਨਾਂ ‘ਚ ਜਿਊਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਗੁਰਤੇਜ ਸਿੰਘ ਦੀ ਸ਼ਹਾਦਤ ਨਾ ਭੁੱਲਣਯੋਗ ਹੈ। ਉਸ ਨੇ ਛੋਟੀ ਉਮਰੇ ਆਪਣੀ ਜਾਨ ਦੇਸ਼ ਕੌਮ ਦੇ ਲੇਖੇ ਲਾ ਕੇ ਬਹਾਦਰੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਇਸ ਨੌਜਵਾਨ ਦੀ ਸ਼ਹਾਦਤ ਦਾ ਦੁੱਖ ਹੈ, ਉੱਥੇ ਹੀ ਇਸ ਦਲੇਰ ਅਤੇ ਹਿੰਮਤੀ ਨੌਜਵਾਨ ਲਈ ਫਖ਼ਰ ਵੀ ਹੈ।