ਪੰਜਾਬ

punjab

ETV Bharat / state

ਮਾਨਸਾ 'ਚ ਹੁਣ ਤੱਕ 7 ਲੱਖ 70 ਹਜ਼ਾਰ ਮੀਟਰਿਕ ਟਨ ਝੋਨੇ ਦੀ ਆਮਦ

ਮਾਨਸਾ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ 78 ਹਜ਼ਾਰ ਹੈਕਟੇਅਰ ਰਕਬੇ ਵਿੱਚ ਬੀਜੇ ਗਏ ਝੋਨੇ ਦੀ ਬੰਪਰ ਅਤੇ ਰਿਕਾਰਡ ਤੋੜ ਪੈਦਾਵਾਰ ਦਰਜ ਕੀਤੀ ਗਈ ਹੈ। ਹੁਣ ਤੱਕ ਅਨਾਜ ਮੰਡੀਆਂ ਵਿੱਚ 7 ਲੱਖ 70 ਹਜ਼ਾਰ ਮੀਟਰਿਕ ਟਨ ਝੋਨੇ ਦੀ ਫਸਲ ਦੀ ਆਮਦ ਹੋ ਚੁੱਕੀ ਹੈ ਜਦੋਂ ਕਿ ਪਿਛਲੇ ਸਾਲ 6 ਲੱਖ 10 ਹਜਾਰ 400 ਮੀਟ੍ਰਿਕ ਟਨ ਝੋਨਾ ਆਇਆ ਸੀ ਤੇ ਝੋਨੇ ਦੀ ਚੰਗੀ ਫ਼ਸਲ ਹੋਣ ਨਾਲ ਕਿਸਾਨ ਅਤੇ ਵਪਾਰੀ ਬਾਗੋਬਾਗ ਦਿਖਾਈ ਦੇ ਰਹੇ ਹਨ।

ਮਾਨਸਾ 'ਚ ਹੁਣ ਤੱਕ 7 ਲੱਖ 70 ਹਜ਼ਾਰ ਮੀਟਰਿਕ ਟਨ ਝੋਨੇ ਦੀ ਆਮਦ
ਮਾਨਸਾ 'ਚ ਹੁਣ ਤੱਕ 7 ਲੱਖ 70 ਹਜ਼ਾਰ ਮੀਟਰਿਕ ਟਨ ਝੋਨੇ ਦੀ ਆਮਦ

By

Published : Nov 12, 2020, 10:34 PM IST

ਮਾਨਸਾ: ਜ਼ਿਲ੍ਹੇ ਵਿੱਚ ਇਸ ਸਾਲ ਕਿਸਾਨਾਂ ਵੱਲੋਂ ਕਰੀਬ 78 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਫਸਲ ਦੀ ਬਿਜਾਈ ਕੀਤੀ ਗਈ ਸੀ ਅਤੇ ਉਸ ਤੋਂ ਰਿਕਾਰਡ ਅਤੇ ਬੰਪਰ ਪੈਦਾਵਾਰ ਦਰਜ ਕੀਤੀ ਗਈ। ਜ਼ਿਲ੍ਹਾ ਮੰਡੀ ਅਧਿਕਾਰੀ ਰਜਨੀਸ਼ ਗੋਇਲ ਨੇ ਦੱਸਿਆ ਕਿ ਪਿਛਲੇ ਸਾਲ ਮਾਨਸਾ ਜ਼ਿਲ੍ਹੇ ਦੀਆਂ ਵੱਖ ਵੱਖ ਅਨਾਜ ਮੰਡੀਆਂ ਵਿੱਚ 6 ਲੱਖ 10 ਹਜ਼ਾਰ 400 ਮੀਟਰਿਕ ਟਨ ਝੋਨਾ ਆਇਆ ਸੀ, ਉਥੇ ਹੀ ਇਸ ਸਾਲ ਸਾਡੇ ਕੋਲ 7 ਲੱਖ 70 ਹਜ਼ਾਰ ਮੀਟਰਿਕ ਟਨ ਝੋਨੇ ਦੀ ਫਸਲ ਦੀ ਆਮਦ ਹੋ ਚੁੱਕੀ ਹੈ ਅਤੇ ਸਾਨੂੰ ਉਮੀਦ ਹੈ ਕਿ 30 ਹਜ਼ਾਰ ਮੀਟਰਿਕ ਟਨ ਝੋਨੇ ਦੀ ਫਸਲ ਹੋਰ ਮੰਡੀਆਂ ਵਿਚ ਆਉਣੀ ਬਾਕੀ ਹੈ।

ਵੀਡੀਓ

ਉਨ੍ਹਾਂ ਝੋਨੇ ਦੀ ਫ਼ਸਲ ਦਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਜ਼ਿਆਦਾ ਆਉਣ ਦਾ ਮੁੱਖ ਕਾਰਨ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਪੋਰਟਲ 'ਮੇਰੀ ਫਸਲ ਮੇਰਾ ਬਿਓਰਾ' ਦੇ ਲਾਗੂ ਹੋਣ ਨਾਲ ਪੰਜਾਬ ਦੇ ਕਿਸਾਨ ਹਰਿਆਣਾ ਦੇ ਵਿੱਚ ਆਪਣੀ ਫਸਲ ਨਹੀਂ ਵੇਚ ਸਕੇ, ਜਿਸ ਕਾਰਨ ਪੰਜਾਬ ਦੀ ਫ਼ਸਲ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਲਈ ਲਿਆਂਦੀ ਗਈ ਅਤੇ ਫਸਲ ਦੀ ਜ਼ਿਆਦਾ ਆਮਦ ਰਿਕਾਰਡ ਕੀਤੀ ਗਈ ਹੈ।

ਮਾਨਸਾ 'ਚ ਹੁਣ ਤੱਕ 7 ਲੱਖ 70 ਹਜ਼ਾਰ ਮੀਟਰਿਕ ਟਨ ਝੋਨੇ ਦੀ ਆਮਦ

ਮੌਜੂਦਾ ਸੀਜ਼ਨ ਵਿੱਚ 30 ਹਜ਼ਾਰ ਮੀਟਰਿਕ ਟਨ ਫਸਲ ਹੋਰ ਆਉਣ ਦੇ ਨਾਲ ਜ਼ਿਲ੍ਹੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 2 ਲੱਖ ਮੀਟ੍ਰਿਕ ਟਨ ਫ਼ਸਲ ਜ਼ਿਆਦਾ ਹੋਈ ਹੈ। ਝੋਨੇ ਦੀ ਰਿਕਾਰਡ ਤੋੜ ਫ਼ਸਲ ਨਾਲ ਕਿਸਾਨ ਖੁਸ਼ ਹਨ। ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਇਸ ਸਾਲ ਝੋਨੇ ਦੀ ਵਧੀਆ ਫਸਲ ਹੋਈ ਹੈ ਅਤੇ ਉਨ੍ਹਾਂ ਨੂੰ ਫਸਲ ਵੇਚਣ ਵਿਚ ਕੋਈ ਮੁਸ਼ਕਲ ਨਹੀਂ ਆਈ। ਇਸ ਦੇ ਨਾਲ ਹੀ ਉਨ੍ਹਾਂ ਦੇ 70 ਤੋਂ 80 ਮਣ ਝੋਨੇ ਦੀ ਪ੍ਰਤੀ ਏਕੜ ਪੈਦਾਵਾਰ ਹੋਈ ਹੈ ਅਤੇ 55 ਹਜ਼ਾਰ ਰੁਪਏ ਪ੍ਰਤੀ ਕਿਸਾਨਾਂ ਨੂੰ ਬੱਚਤ ਵੀ ਹੋਈ ਹੈ।

ਆੜ੍ਹਤੀਆਂ ਅਸ਼ੋਕ ਕੁਮਾਰ ਨੇ ਚੰਗੀ ਪੈਦਾਵਾਰ ਉੱਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਸੀਜ਼ਨ 'ਚ ਝੋਨੇ ਦੀ ਫ਼ਸਲ ਵੇਚਣ ਵਿਚ ਜੋ ਨਜ਼ਾਰਾ ਮਿਲਿਆ ਹੈ ਉਹ ਕਦੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਵਾਰ ਮੌਸਮ ਨੇ ਵੀ ਸਾਡਾ ਸਾਥ ਦਿੱਤਾ ਹੈ ਅਤੇ ਕਿਸਾਨਾਂ ਅਤੇ ਖਰੀਦ ਏਜੰਸੀਆਂ ਨੇ ਵੀ ਸਹਿਯੋਗ ਕੀਤਾ। ਉਨ੍ਹਾਂ ਕਿਹਾ ਕਿ ਰੋਜ਼ਾਨਾ ਝੋਨੇ ਦੀ ਫ਼ਸਲ ਦੀ ਬੋਲੀ ਲੱਗਦੀ ਸੀ ਅਤੇ ਅਗਲੇ ਦਿਨ ਲਿਫਟਿੰਗ ਵੀ ਹੋ ਜਾਂਦੀ ਸੀ, ਜਿਸ ਦੇ ਚੱਲਦਿਆਂ ਇਸ ਵਾਰ ਬਹੁਤ ਘੱਟ ਸਮੇਂ ਵਿੱਚ ਝੋਨੇ ਦਾ ਸੀਜ਼ਨ ਲਗਭਗ ਖ਼ਤਮ ਹੋਣ ਕੰਢੇ ਹੈ।

ABOUT THE AUTHOR

...view details