ਮਾਨਸਾ: ਲੜਕੀਆਂ ਲੜਕਿਆਂ ਦੇ ਨਾਲੋਂ ਕਿਸੇ ਵੀ ਖੇਤਰ ਦੇ ਵਿੱਚ ਘੱਟ ਨਹੀਂ ਜੇਕਰ ਗੱਲ ਖੇਤੀ ਦੀ ਕੀਤੀ ਜਾਵੇ ਤਾਂ ਖੇਤੀ ਦਾ ਕੰਮ ਵੀ ਲੜਕੀਆਂ ਖ਼ੁਦ ਹੀ ਕਰ ਲੈਂਦੀਆਂ ਹਨ, ਅਜਿਹੀ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਦੀ ਰਾਜਦੀਪ ਕੌਰ ਹੈ ਜੋ ਖੇਤੀ ਦਾ ਹਰ ਕੰਮ ਕਰ ਲੈਂਦੀ ਹੈ ਅਤੇ ਇਨ੍ਹੀਂ ਦਿਨੀਂ ਕਣਕ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਕੰਬਾਈਨ ਦੇ ਨਾਲ ਖੁਦ ਕਣਕ ਦੀ ਕਟਾਈ ਕਰ ਰਹੀ ਹੈ।
ਜਿੱਥੇ ਲੜਕੀਆਂ ਫ਼ੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੀਆਂ ਹਨ, ਉੱਥੇ ਹੀ ਵੱਖ ਵੱਖ ਖੇਤਰਾਂ ਦੇ ਵਿੱਚ ਲੜਕਿਆਂ ਦੇ ਮੁਕਾਬਲੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ। ਅਜਿਹੀ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਦੀ ਰਾਜਦੀਪ ਕੌਰ ਹੈ ਜੋ ਖੇਤੀ ਦੇ ਵਿਚ ਕੰਮ ਕਰਕੇ ਜਿੱਥੇ ਆਪਣੇ ਪਿਤਾ ਦਾ ਹੱਥ ਵਟਾ ਰਹੀ ਹੈ ਉੱਥੇ ਹੀ ਖੇਤੀ ਦਾ ਹਰ ਕੰਮ ਖ਼ੁਦ ਕਰਦੀ ਹੈ।
ਬੇਸ਼ਕ ਟਰੈਕਟਰ ਦੇ ਨਾਲ ਖੇਤੀ ਦੇ ਵਿਚ ਵਾਹ ਵਹਾਈ ਜਾਂ ਬੀਜ ਬਿਜਾਈ ਦਾ ਕੰਮ ਹੋਵੇ ਤਾਂ ਰਾਜਦੀਪ ਖੁਦ ਕਰਦੀ ਹੈ ਅਤੇ ਇਨ੍ਹੀਂ ਦਿਨੀਂ ਕਣਕ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਤੇ ਰਾਜਦੀਪ ਕੌਰ ਕੰਬਾਈਨ ਦੇ ਨਾਲ ਖੁਦ ਕਣਕ ਦੀ ਕਟਾਈ ਕਰ ਰਹੀ ਹੈ। ਰਾਜਦੀਪ ਕੌਰ ਨੇ ਦੱਸਿਆ ਕਿ ਉਹ ਬਚਪਨ ਦੇ ਵਿੱਚ ਆਪਣੇ ਪਿਤਾ ਦੇ ਨਾਲ ਖੇਤ ਚਲੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਖੇਤ ਵਿੱਚ ਕੰਮ ਕਰਦਿਆਂ ਦੇਖ ਕੇ ਉਨ੍ਹਾਂ ਦੀ ਵੀ ਰੁਚੀ ਖੇਤੀ ਕੰਮਾਂ ਨੂੰ ਕਰਨ ਦੇ ਲਈ ਪੈਦਾ ਹੋ ਗਈ ਅਤੇ ਅੱਜ ਉਹ ਆਪਣੇ ਖੇਤ ਦੇ ਵਿਚ ਖੁਦ ਟਰੈਕਟਰ ਚਲਾਉਂਦੀ ਹੈ ਅਤੇ ਹਰ ਵਹੀਕਲ ਨੂੰ ਵੀ ਚਲਾ ਲੈਂਦੀ ਹੈ।