ਮਾਨਸਾ : ਪੰਜਾਬ 'ਚ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਪੈਣ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਸ਼ਹਿਰ ਵਾਸੀਆਂ ਨੂੰ ਆਵਾਜਾਈ ਦੌਰਾਨ ਕਈ ਦਿੱਕਤਾਂ ਪੇਸ਼ ਆ ਰਹੀ ਹਨ।
ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ, ਮਾਨਸਾ ਸ਼ਹਿਰ ਦੀਆਂ ਸੜਕਾਂ ਬਣੀਆਂ ਤਲਾਬ
ਪੰਜਾਬ ਸਣੇ ਉੱਤਰੀ ਭਾਰਤ 'ਚ ਬੀਤੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਪੈਣ ਮਗਰੋਂ ਮਾਨਸਾ ਸ਼ਹਿਰ ਦੀਆਂ ਸੜਕਾਂ ਨੇ ਤਲਾਬ ਦਾ ਰੂਪ ਧਾਰ ਲਿਆ ਹੈ। ਇਥੇ ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਬਾਰੇ ਰਾਹਗੀਰਾਂ ਨੇ ਦੱਸਿਆ ਕਿ ਹਰ ਵਾਰ ਪੰਜਾਬ ਸਰਕਾਰ ਸੂਬੇ ਤੇ ਸ਼ਹਿਰਾਂ ਦੇ ਵਿਕਾਸ ਦੇ ਦਾਅਵੇ ਕਰਦੀ ਹੈ, ਪਰ ਮੌਨਸੂਨ ਆਉਂਦੇ ਹੀ ਸਰਕਾਰ ਦੇ ਇਹ ਦਾਅਵੇ ਝੂਠੇ ਪੈਂਦੇ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਵੱਧ ਮੀਂਹ ਪੈਣ ਨਾਲ ਜਿਥੇ ਇੱਕ ਪਾਸੇ ਗਰਮੀ ਨਾਲ ਰਾਹਤ ਮਿਲੀ ਹੈ, ਉਥੇ ਹੀ ਸੜਕਾਂ 'ਚ ਪਾਣੀ ਭਰਨ ਦੇ ਚਲਦੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਨਗਰ ਨਿਗਮ ਵੱਲੋਂ ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਦੇ ਪ੍ਰਬੰਧ ਨਹੀਂ ਕੀਤੇ ਗਏ। ਜਿਸ ਦੇ ਚਲਦੇ ਸੜਕਾਂ ਨੇ ਤਲਾਬ ਦਾ ਰੂਪ ਧਾਰ ਲਿਆ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਪ੍ਰਸ਼ਾਸਨ ਵੱਲੋਂ ਅਜਿਹੀ ਅਣਗਿਹਲੀ ਕੀਤੀ ਜਾਂਦੀ ਹੈ ਤੇ ਇਸ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਨਾ ਪੈਂਦੇ ਹੈ।
ਜਿਥੇ ਇੱਕ ਪਾਸੇ ਸੜਕਾਂ 'ਤੇ ਪਾਣੀ ਭਰਨ ਕਾਰਨ ਲੋਕ ਪਰੇਸ਼ਾਨ ਹਨ। ਉਥੇ ਮੌਜੂਦਾ ਸਮੇਂ 'ਚ ਕਿਸਾਨਾਂ ਦੀ ਨਰਮੇ ਦੀ ਫਸਲ ਪੱਕ ਕੇ ਤਿਆਰ ਹੈ। ਅਜਿਹੇ ਸਮੇਂ 'ਚ ਮੀਂਹ ਪੈਣ ਨਾਲ ਕਿਸਾਨਾਂ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਲੋਕਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਨੂੰ ਮੌਨਸੂਨ ਤੋਂ ਪਹਿਲਾਂ ਇਨ੍ਹਾਂ ਸਮੱਸਿਆਵਾਂ ਤੋਂ ਨਿਜੱਠਣ ਲਈ ਪਹਿਲਾਂ ਤੋਂ ਹੀ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ।