ਮਾਨਸਾ: ਖੇਤੀ ਬਿੱਲਾਂ ਦੇ ਵਿਰੋਧ ਵਿੱਚ 31 ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਗਏ ਪੰਜਾਬ ਬੰਦ ਨੂੰ ਪੂਰਨ ਸਮਰਥਨ ਮਿਲਿਆ ਹੈ। ਮਾਨਸਾ ਵਿੱਚ ਵੀ ਕਿਸਾਨ ਜਥੇਬੰਦੀਆਂ, ਮਜ਼ਦੂਰ, ਮੁਲਾਜ਼ਮ, ਵਪਾਰੀ ਅਤੇ ਲੋਕ ਹਿਤੈਸ਼ੀ ਜਥੇਬੰਦੀਆਂ ਨੇ ਇਨ੍ਹਾਂ 3 ਖੇਤੀਬਾੜੀ ਬਿੱਲਾਂ ਨੂੰ ਤਬਾਹ ਕਰਨ ਵਾਲੇ ਆਰਡੀਨੈਂਸਾਂ ਦੇ ਵਿਰੋਧ ਵਿੱਚ ਪੰਜਾਬ ਬੰਦ ਨੂੰ ਮਾਨਸਾ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਅਤੇ ਆਮ ਜਨਤਾ ਦਾ ਵੀ ਪੂਰਾ ਸਹਿਯੋਗ ਇਸ ਬੰਦ ਨੂੰ ਮਿਲਿਆ ਹੈ। ਮਾਨਸਾ ਦੇ ਹਜ਼ਾਰਾਂ ਨੌਜਵਾਨ ਇਸ ਲੋਕ ਲਹਿਰ ਦੌਰਾਨ ਆਪ ਮੁਹਾਰੇ ਸੜਕਾਂ 'ਤੇ ਉਤਰ ਕੇ ਬੀਜੇਪੀ ਅਤੇ ਨਰਿੰਦਰ ਮੋਦੀ ਵਿਰੋਧੀ ਨਾਅਰੇ ਲਗਾਉਂਦੇ ਨਜ਼ਰ ਆਏ। ਇਸ ਦੌਰਾਨ ਰੇਲਵੇ ਲਾਈਨਾਂ ਉੱਪਰ ਵੀ ਧਰਨਾ ਜਾਰੀ ਰਿਹਾ।
ਅੱਜ ਕਿਸਾਨ ਤੇ ਵਪਾਰਕ ਜਥੇਬੰਦੀਆਂ ਵੱਲੋਂ ਪਹਿਲਾਂ ਬਾਰ੍ਹਾਂ ਹੱਟਾਂ ਚੌਕ ਵਿੱਚ ਰੋਸ ਰੈਲੀ ਕਰਕੇ ਧਰਨਾ ਲਾਇਆ ਗਿਆ ਉਸ ਤੋਂ ਬਾਅਦ ਬਾਰ੍ਹਾਂ ਹੱਟਾਂ ਚੌਕ ਤੋਂ ਸਮੂਹ ਕਿਸਾਨ ਵਪਾਰੀ ਅਤੇ ਆਮ ਜਨਤਾ ਵੱਡਾ ਇਕੱਠ ਕਰਕੇ ਸ਼ਹਿਰ ਵਿਚੋਂ ਦੀ ਰੋਸ ਮਾਰਚ ਅਤੇ ਨਾਅਰੇਬਾਜ਼ੀ ਕਰਦੇ ਹੋਏ ਮਾਨਸਾ ਤਿੰਨਕੋਨੀ ਪਹੁੰਚੇ ਜਿਥੇ ਜਾ ਕੇ ਪੱਕਾ ਧਰਨਾ ਮੇਨ ਰੋਡ 'ਤੇ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ।