ਮਾਨਸਾ: ਪੰਜਾਬ ਸਰਕਾਰ ਨੇ ਲਗਭਗ 2 ਮਹੀਨਿਆਂ ਬਾਅਦ ਅੱਜ ਤੋਂ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਪੰਜਾਬ ਦੇ 50 ਰੂਟਾਂ ਉੱਤੇ ਸਰਕਾਰੀ ਬੱਸ ਸੇਵਾ ਬਹਾਲ ਕਰਨ ਦਾ ਐਲਾਨ ਕੀਤਾ ਹੈ।
ਮਾਨਸਾ ਬੱਸ ਸਟੈਂਡ ਤੋਂ ਸਵੇਰੇ 6 ਵਜੇ ਸਿਰਫ ਇੱਕ ਬਠਿੰਡਾ ਰੂਟ ਉੱਤੇ ਹੀ ਬੱਸ ਨਿਕਲੀ ਹੈ ਜਦ ਕਿ ਦੂਜੇ ਰੂਟਾਂ ਉੱਤੇ ਸਵੇਰੇ 9 ਵਜੇ ਤੱਕ ਹੋਰ ਕਿਸੇ ਵੀ ਰੂਟ ਉੱਤੇ ਬੱਸ ਨਹੀਂ ਚੱਲੀ। ਬੱਸ ਸਟੈਂਡ 'ਤੇ ਨਾ ਮਾਤਰ ਹੀ ਯਾਤਰੀ ਪਹੁੰਚ ਰਹੇ ਹਨ।
ਮਾਨਸਾ ਬੱਸ ਸਟੈਂਡ ਉੱਤੇ ਪੀਆਰਟੀਸੀ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਤੱਕ ਇੱਕ ਬਠਿੰਡਾ ਨੂੰ ਹੀ ਬੱਸ ਗਈ ਹੈ ਜਦ ਕਿ ਦੂਜੇ ਰੂਟਾਂ ਉੱਤੇ ਅਜੇ ਤੱਕ ਕੋਈ ਵੀ ਬੱਸ ਨਹੀਂ ਚੱਲੀ। ਉਨ੍ਹਾਂ ਕਿਹਾ ਕਿ ਪੀਆਰਟੀਸੀ ਬੱਸਾਂ ਪਰਵਾਸੀ ਮਜ਼ਦੂਰਾਂ ਦੀ ਢੋਆ ਢੁਆਈ ਉੱਤੇ ਲੱਗੀਆਂ ਹੋਈਆਂ ਹਨ ਜਿਸ ਕਾਰਨ ਬੱਸਾਂ ਅਜੇ ਤੱਕ ਬੱਸ ਸਟੈਂਡ ਉੱਤੇ ਨਹੀਂ ਪਹੁੰਚ ਰਹੀਆਂ।
ਉਨ੍ਹਾਂ ਦੱਸਿਆ ਕਿ ਜਲਦ ਹੀ ਸਾਰੇ ਰੂਟਾਂ ਉੱਤੇ ਬੱਸ ਸੇਵਾ ਸ਼ੁਰੂ ਹੋ ਜਾਵੇਗੀ। ਬੱਸਾਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ ਅਤੇ ਬੱਸ ਦੇ ਵਿੱਚ ਚੜ੍ਹਨ ਵਾਲੇ ਯਾਤਰੀਆਂ ਦੇ ਹੱਥ ਵੀ ਸੈਨੇਟਾਈਜ਼ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਬੱਸ ਦੇ ਵਿੱਚ ਸਮਾਜਿਕ ਦੂਰੀ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਬੱਸਾਂ ਵਿੱਚ ਸਿਰਫ਼ 50 ਫੀਸਦੀ ਸਵਾਰੀਆਂ ਹੀ ਚੜ੍ਹਾਉਣ ਦੇ ਹੁਕਮ ਜਾਰੀ ਹੋਏ ਹਨ ਜਿਸ ਦੀ ਬੱਸ ਡਰਾਈਵਰ ਅਤੇ ਕੰਡਕਟਰ ਪਾਲਣਾ ਵੀ ਕਰ ਰਹੇ ਹਨ।
ਬੱਸ ਵਿੱਚ ਚੜ੍ਹਨ ਵਾਲੇ ਯਾਤਰੀਆਂ ਦੇ ਮਾਸਕ ਲੱਗਿਆ ਹੋਣਾ ਜ਼ਰੂਰੀ ਹੈ ਅਤੇ ਬਿਨਾਂ ਮਾਸਕ ਵਾਲੇ ਕਿਸੇ ਵੀ ਯਾਤਰੀ ਨੂੰ ਬੱਸ ਵਿੱਚ ਨਹੀਂ ਚੜ੍ਹਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਸ ਸਿਰਫ਼ ਸ਼ਹਿਰੀ ਬੱਸ ਸਟੈਂਡ ਉੱਤੇ ਹੀ ਰੁਕੇਗੀ ਜੇਕਰ ਉੱਥੇ 10 ਸਵਾਰੀਆਂ ਉੱਤਰਦੀਆਂ ਹਨ ਤਾਂ ਉੱਥੋਂ ਵੀ 10 ਸਵਾਰੀਆਂ ਤੋਂ ਜ਼ਿਆਦਾ ਨਹੀਂ ਚੜ੍ਹਾਈਆਂ ਜਾਣਗੀਆਂ ਅਤੇ ਪੇਂਡੂ ਬੱਸ ਸਟੈਂਡਾਂ ਉੱਤੇ ਬੱਸ ਨਹੀਂ ਰੁਕੇਗੀ।