ਮਾਨਸਾ: ਮਾਨਸਾ ਦੇ ਪਿੰਡ ਅਕਲੀਆ ਦੇ ਕਿਸਾਨ ਜਗਮੀਤ ਸਿੰਘ ਨੇ ਖੇਤ 'ਚ ਵੱਟਾਂ 'ਤੇ ਝੋਨੇ ਦੀ ਬਿਜਾਈ ਕਰਕੇ ਇਕ ਵੱਖਰੇ ਢੰਗ ਨਾਲ ਖੇਤੀ ਸ਼ੁਰੂ ਕੀਤੀ ਹੈ। ਇਸ ਤਕਨੀਕ ਨਾਲ ਸ਼ੁਰੂ ਕੀਤੀ ਖੇਤੀ 'ਚ ਫਸਲ ਪਾਣੀ ਅਤੇ ਖਾਦ ਦੀ ਬਚਤ ਕਰਦੀ ਹੈ ਅਤੇ ਝਾੜ ਵੀ ਵਧੇਰੇ ਹੁੰਦਾ ਹੈ। ਇਸ ਦੇ ਨਾਲ ਹੀ ਵਾਤਾਵਰਣ ਵੀ ਸਾਫ਼ ਹੁੰਦਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਕਿਸਾਨ ਦੇ ਇਸ ਉਪਰਾਲੇ ਤੋਂ ਖੁਸ਼ ਹਨ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਜਗਮੀਤ ਸਿੰਘ ਦੀ ਤਕਨੀਕ ਨੂੰ ਵੇਖ ਅਮਲ ਕਰਨ ਦੀ ਅਪੀਲ ਕਰ ਰਹੇ ਹਨ।
ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਉਸਨੇ ਪਿਛਲੇ ਸਾਲ ਖੇਤ ਵਿੱਚ ਬਣੀਆਂ ਖਾਲਾਂ ਦੇ ਕਿਨਾਰਿਆਂ ’ਤੇ ਝੋਨੇ ਦੇ ਕੁਝ ਪੌਦੇ ਬੀਜੇ ਸਨ। ਜਿਸ ਤੇ ਟਿਲਰਿੰਗ ਬਹੁਤ ਜ਼ਿਆਦਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਖੇਤੀਬਾੜੀ ਅਧਿਕਾਰੀਆਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਇਸ ਸੀਜ਼ਨ ਵਿੱਚ ਪੰਜ ਏਕੜ ਰਕਬੇ ਦੇ ਵੱਟਾਂ ’ਤੇ ਝੋਨੇ ਦੀ ਬਿਜਾਈ ਕੀਤੀ ਹੈ। ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਇਸ ਨਵੀਂ ਤਕਨੀਕ ਨਾਲ ਖੇਤੀ ਕਰਕੇ ਇਥੇ 50 ਪ੍ਰਤੀਸ਼ਤ ਪਾਣੀ ਅਤੇ ਖਾਦਾਂ ਦੀ ਬਚਤ ਕੀਤੀ ਜਾਂਦੀ ਹੈ, ਜਦੋਂ ਕਿ ਵਾਤਾਵਰਣ ਨੂੰ ਸਾਫ਼ ਰੱਖਣ ਅਤੇ ਉੱਚ ਝਾੜ ਨੂੰ ਬਣਾਈ ਰੱਖਣ ਵਿੱਚ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਜ਼ਮੀਨ ‘ਤੇ ਇਸ ਤਕਨੀਕ ਨੂੰ ਵਰਤਿਆ ਜਾਵੇ ਅਤੇ ਝੋਨੇ ਦੀ ਕਾਸ਼ਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਤੋਂ ਬਾਅਦ ਪਰਾਲੀ ਸਾੜਨ ਦੀ ਕੋਈ ਸਮੱਸਿਆ ਨਹੀਂ ਹੋਏਗੀ ਕਿਉਂਕਿ ਇਸ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਮਿਲਾਉਣ ਨਾਲ ਬਿਜਾਈ ਕੀਤੀ ਜਾਵੇਗੀ, ਜਿਸ ਨਾਲ ਪਰਾਲੀ ਦੇ ਧੂੰਏ ਤੋਂ ਛੁਟਕਾਰਾ ਮਿਲੇਗਾ।