ਮਾਨਸਾ: ਬੇਸ਼ੱਕ ਅੱਜ ਦੇ ਯੁੱਗ ਵਿੱਚ ਪੈਸੇ ਦੀ ਅੰਨ੍ਹੀ ਦੌੜ ਦੇ ਚੱਲਦਿਆਂ ਇਮਾਨਦਾਰੀ ਘਟਦੀ ਜਾ ਰਹੀ ਹੈ ਪਰ ਮਾਨਸਾ ਜ਼ਿਲ੍ਹੇ 'ਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਆਪਣੀ ਇਮਾਨਦਾਰੀ ਕਰਕੇ ਜਾਣਿਆ ਜਾਂਦਾ ਹੈ। ਸਕੂਲ ਵੱਲੋਂ ਵਿਦਿਆਰਥੀਆਂ 'ਚ ਇਮਾਨਦਾਰੀ ਦੀ ਭਾਵਨਾ ਜਗਾਉਣ ਲਈ ਸਕੂਲ ਵਿੱਚ ਹੀ ਇੱਕ ਸਟੇਸ਼ਨਰੀ ਦੀ ਦੁਕਾਨ ਖੋਲ੍ਹੀ ਗਈ ਹੈ। ਇਸ ਦੁਕਾਨ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇੱਥੇ ਸਾਰਾ ਸਮਾਨ ਖੁੱਲ੍ਹਾ ਪਿਆ ਹੈ ਤੇ ਵਿਦਿਆਰਥੀ ਆਪਣੀ ਜ਼ਰੂਰਤ ਅਨੁਸਾਰ ਸਮਾਨ ਲੈ ਕੇ ਬਣਦੇ ਪੈਸੇ ਰੱਖ ਦਿੰਦੇ ਹਨ।
ਹੋਰ ਪੜ੍ਹੋ: ਮਾਨਸਾ ਦੇ ਅਧਿਆਪਕ ਨੂੰ ਰਾਸ਼ਟਰਪਤੀ ਵੱਲੋਂ ਮਿਲਿਆ ਨੈਸ਼ਨਲ ਅਵਾਰਡ
ਇਸ ਦੁਕਾਨ ਨੂੰ ਖੋਲ੍ਹਣ ਦਾ ਕਾਰਨ ਜਾਣਨ ਲਈ ਜਦਸਕੂਲ ਅਧਿਆਪਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕਿਸੇ ਪ੍ਰਕਾਰ ਦੀ ਹੋਰ ਸਟੇਸ਼ਨਰੀ ਦੀ ਦੁਕਾਨ ਨਹੀਂ ਸੀ ਜਿਸ ਕਾਰਨ ਬੱਚਿਆਂ ਨੂੰ ਸਮਾਨ ਖ਼ਰੀਦਣ ਵਿੱਚ ਕਾਫ਼ੀ ਪ੍ਰੇਸ਼ਾਨੀ ਆਉਂਦੀ ਸੀ ਤੇ ਕਿਸੇ ਦੂਜੇ ਪਿੰਡ ਸਮਾਨ ਖ਼ਰੀਦਣ ਜਾਣਾ ਪੈਂਦਾ ਸੀ। ਇਸ ਕਾਰਨ ਅਧਿਆਪਕ ਸੱਤਪਾਲ ਸਿੰਘ ਨੇ ਸਕੂਲ ਵਿੱਚ ਹੀ ਇੱਕ ਸਟੇਸ਼ਨਰੀ ਦੀ ਦੁਕਾਨ ਖੋਲ੍ਹਣ ਦੀ ਸੋਚੀ ਜਿਸ ਦੇ ਉਹ ਬੱਚਿਆਂ ਨੂੰ ਇੱਕ ਅਨੋਖੇ ਢੰਗ ਨਾਲ ਇਮਾਨਦਾਰੀ ਦੇ ਰਾਹ 'ਤੇ ਚੱਲਣ ਦੀ ਸਿੱਖਿਆ ਦੇ ਸਕਣ।
ਅਧਿਆਪਕ ਸੱਤਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲ ਵਿੱਚ ਹੀ ਪੜ੍ਹਾਈ ਨਾਲ ਸਬੰਧਿਤ ਸਟੇਸ਼ਨਰੀ ਦਾ ਸਮਾਨ ਲਿਆ ਕੇ ਰੱਖ ਦਿੱਤਾ ਅਤੇ ਹਰ ਇੱਕ ਕਿਤਾਬ ਪੈਨ, ਪੈਨਸਿਲ ਆਦਿ ਵਸਤੂਆਂ ਉੱਪਰ ਉਸ ਦਾ ਰੇਟ ਲਿਖ ਦਿੱਤਾ ਹੈ ਤੇ ਬੱਚੇ ਰੇਟ ਦੇ ਹਿਸਾਬ ਨਾਲ ਖ਼ੁਦ ਹੀ ਇੱਕ ਬਕਸੇ ਵਿੱਚ ਪੈਸੇ ਪਾ ਆਪਣੀ ਜ਼ਰੂਰਤ ਦਾ ਸਮਾਨ ਲੈ ਲੈਂਦੇ ਹਨ।
ਅਧਿਆਪਕ ਸਤੱਪਾਲ ਦਾ ਕਹਿਣਾ ਹੈ ਕਿ ਜਦੋਂ ਉਹ ਇਸ ਸਕੂਲ ਵਿੱਚ ਆਏ ਸਨ ਤਦ ਸਕੂਲ ਵਿੱਚ ਸਿਰਫ਼ ਦੋ ਕਮਰੇ ਹੀ ਸਨ ਅਤੇ ਬੱਚਿਆਂ ਦੀ ਗਿਣਤੀ ਵੀ ਸਿਰਫ਼ 18 ਸੀ। ਕੜੀ ਮਿਹਨਤ ਸਦਕਾ ਹੁਣ ਇਸ ਸਕੂਲ ਦੇ ਬੱਚਿਆਂ ਦੀ ਗਿਣਤੀ 132 ਤੋਂ ਵੱਧ ਹੋ ਗਈ ਹੈ। ਸਕੂਲ ਵਿੱਚ ਹੁਣ ਬਾਹਰਲੇ ਪਿੰਡਾਂ ਤੋਂ ਬੱਚੇ ਪੜ੍ਹਣ ਆਉਂਦੇ ਹਨ ਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਸਟੈਟ ਐਵਾਰਡ ਵੀ ਮਿਲਿਆ ਹੈ।
ਸਕੂਲੀ ਵਿਦਿਆਰਥੀਆਂ ਨੇ ਦੱਸਿਆ ਕਿ ਪਿੰਡ ਵਿੱਚ ਕੋਈ ਵੀ ਸਟੇਸ਼ਨਰੀ ਦੀ ਦੁਕਾਨ ਨਹੀਂ ਸੀ ਜਿਸ ਕਾਰਨ ਉਨ੍ਹਾਂ ਨੂੰ ਪੜ੍ਹਾਈ ਦਾ ਸਮਾਨ ਖਰੀਦਣ ਦੇ ਲਈ ਦੂਰ ਕਿਸੇ ਹੋਰ ਪਿੰਡ ਜਾਣਾ ਪੈਂਦਾ ਸੀ ਜਿਸ ਨੂੰ ਦੇਖਦੇ ਹੋਏ ਉਨ੍ਹਾਂ ਦੇ ਅਧਿਆਪਕ ਨੇ ਸਕੂਲ ਵਿੱਚ ਹੀ ਇੱਕ ਇਮਾਨਦਾਰੀ ਦੀ ਦੁਕਾਨ ਖੋਲ੍ਹ ਦਿੱਤੀ ਅਤੇ ਉਹ ਆਪਣੀ ਜ਼ਰੂਰਤ ਅਨੁਸਾਰ ਸਮਾਨ ਖ਼ਰੀਦ ਕੇ ਅਤੇ ਉਸ ਦੇ ਬਣਦੇ ਪੈਸੇ ਬਕਸੇ ਵਿੱਚ ਪਾ ਦਿੰਦੇ ਹਨ।