ਮਾਨਸਾ: ਲੱਦਾਖ਼ ਦੀ ਗਲਵਾਨ ਘਾਟੀ ਚੋਂ ਚੀਨੀ ਸੈਨਾ ਦੇ ਨਾਲ ਹੋਈ ਮੁੱਠਭੇੜ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਮਾਨਸਾ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਸ਼ਹੀਦ ਗੁਰਤੇਜ ਸਿੰਘ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਯੋਜਿਤ ਕੀਤੀ ਗਈ।
ਇਸ ਮੌਕੇ ਪੰਜਾਬ ਦੇ ਕੈਬਿਨੇਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਗੁਰਪ੍ਰੀਤ ਸਿੰਘ ਕਾਂਗੜ, ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਕੋਰ ਕਮੇਟੀ ਦੇ ਚੇਅਰਮੈਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਪਰਿਵਾਰਕ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨੇ ਅੰਤਿਮ ਅਰਦਾਸ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਪੰਜਾਬ ਸਰਕਾਰ ਵੱਲੋਂ ਕੈਬਿਨੇਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਵੀ ਭੇਟ ਕੀਤਾ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਤੇ ਰੱਖ ਦਿੱਤਾ ਗਿਆ ਹੈ।
ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਾਨਸਾ ਦੇ ਐਸਐਸਪੀ ਡਾ ਨਰਿੰਦਰ ਭਾਰਗਵ ਨੇ ਸ਼ਹੀਦ ਗੁਰਤੇਜ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ 22 ਸਾਲਾਂ ਦੀ ਉਮਰ ਵਿੱਚ ਸ਼ਹੀਦ ਗੁਰਤੇਜ ਸਿੰਘ ਇਸ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਨੇ ਅੱਜ ਉਨ੍ਹਾਂ ਦੇ ਪਰਿਵਾਰ ਦੇ ਲਈ ਦੁੱਖ ਅਤੇ ਮਾਣ ਕਰਨ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਉਹ ਵੀ ਆਪਣੇ ਦੇਸ਼ ਦੇ ਲਈ ਕੁਝ ਅਜਿਹਾ ਕਰਨ ਤਾਂ ਕਿ ਆਉਣ ਵਾਲੇ ਲੋਕ ਸਦਾ ਲਈ ਉਨ੍ਹਾਂ ਨੂੰ ਯਾਦ ਰੱਖਣ।
ਉੱਥੇ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸ਼ਹੀਦ ਗੁਰਤੇਜ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਾਅਦ ਵਿੱਚ ਰੁਲਣਾ ਪਵੇ ਕਿਉਂਕਿ ਸ਼ਹੀਦਾਂ ਦੀ ਮਦਦ ਕਰਨ ਦੇ ਲਈ ਵੱਡੇ-ਵੱਡੇ ਐਲਾਨ ਤਾਂ ਹੋ ਜਾਂਦੇ ਨੇ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਮਹਿਜ਼ ਸੱਤ ਬੰਦੂਕਾਂ ਦੀ ਸਲਾਮੀ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ।