ਮਾਨਸਾ: ਸ਼ਹਿਰ ਦੇ ਪਿੰਡ ਬਣਾਂਵਲੀ ਵਿਖੇ ਸਾਲ 2007 'ਚ ਵੇਦਾਂਤਾ ਕੰਪਨੀ ਵੱਲੋਂ ਲਗਾਇਆ ਗਿਆ ਥਰਮਲ ਪਲਾਂਟ ਹੁਣ ਲੋਕਾਂ ਲਈ ਮੁਸ਼ਕਲਾਂ ਦਾ ਕਾਰਨ ਬਣਦਾ ਜਾ ਰਿਹਾ ਹੈ। ਜਿਥੇ ਇੱਕ ਪਾਸੇ ਥਰਮਲ ਪਲਾਂਟ ਦੇ ਈਕੋ ਫ੍ਰੈਡਲੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਇਸ ਪਲਾਂਟ ਦੀ ਚਿਮਨੀਆਂ ਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਤੇ ਰਾਖ ਕਾਰਨ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਜ਼ਹਿਰੀਲੇ ਧੂੰਏਂ ਕਾਰਨ ਚਮੜੀ ਰੋਗਾਂ ਦੇ ਸ਼ਿਕਾਰ ਹੋਏ ਲੋਕ ਇਸ ਬਾਰੇ ਸਥਾਨਕ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2007 'ਚ ਵੇਦਾਂਤਾ ਕੰਪਨੀ ਵੱਲੋਂ ਪਿੰਡ ਬਣਾਂਵਾਲੀ ਵਿਖੇ 1980 ਮੈਗਾਵਾਟ ਦੀ ਸਮਰਥਾ ਤੇ ਕੋਇਲੇ ਤੋਂ ਚੱਲਣ ਵਾਲੇ ਪ੍ਰਦੂਸ਼ਣ ਮੁਕਤ ਥਰਮਲ ਪਲਾਂਟ ਦੀ ਸਥਾਪਨਾ ਕੀਤੀ ਗਈ ਸੀ।
ਕੰਪਨੀ ਵੱਲੋਂ ਪਿੰਡ ਬਣਾਂਵਲੀ ਸਣੇ ਨੇੜਲੇ ਕਈ ਹੋਰ ਪਿੰਡਾਂ ਦੇ ਲੋਕਾਂ ਨੂੰ ਵਿਸ਼ਵਾਸ ਦਵਾ ਕੇ 2113 ਏਕੜ ਦੀ ਜ਼ਮੀਨ ਲਈ ਗਈ ਸੀ, ਪਰ ਹੁਣ ਇਸ ਦੇ ਉਲਟ ਇਸ ਥਰਮਲ ਪਲਾਂਟ ਕਾਰਨ ਲੋਕ ਗੰਭੀਰ ਚਮੜੀ ਰੋਗਾਂ ਤੇ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸਥਾਨਕ ਲੋਕਾਂ ਨੇ ਦੱਸਿਆ ਇਸ ਥਰਮਲ ਪਲਾਂਟ ਦੇ ਜ਼ਿਹਰੀਲੇ ਧੂੰਏਂ ਤੇ ਰਾਖ ਕਾਰਨ ਮਨੁੱਖੀ ਜੀਵਨ ਅਤੇ ਕਿਸਾਨਾਂ ਦੀਆਂ ਫਸਲਾਂ ਨਸ਼ਟ ਹੋ ਰਹੀਆਂ ਹਨ। ਲੋਕਾਂ ਵੱਲੋਂ ਪ੍ਰਸ਼ਾਸਨ ਕੋਲੋਂ ਸਿਹਤ ਸੁਵਿਧਾਵਾਂ ਲਈ ਮਦਦ ਅਤੇ ਥਰਮਲ ਪਲਾਂਟ ਬੰਦ ਕੀਤੇ ਜਾਣ ਦੀ ਅਪੀਲ ਕੀਤੀ ਗਈ ਹੈ।
ਇਸ ਬਾਰੇ ਮਾਨਸਾ ਦੇ ਸਿਵਲ ਸਰਜਨ ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਥਰਮਲ ਪਲਾਂਟ ਦੇ ਨਾਲ ਲਗਦੇ ਪਿੰਡਾਂ 'ਚ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਦੀ ਜਾਂਚ ਕਰਕੇ ਉਨ੍ਹਾਂ ਸਿਹਤ ਸੁਵਿਧਾਵਾਂ ਮੁਹਇਆ ਕਰਵਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 'ਚ ਲੋਕਾਂ ਨੂੰ ਇਲਾਜ ਦੇਣ ਦੇ ਲਈ ਥਰਮਲ ਪਲਾਂਟ ਦਾ ਡਾਕਟਰ ਉਪਲੱਬਧ ਨਹੀਂ ਹੈ।
ਇਸ ਬਾਰੇ ਜਦ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਗੱਲ ਮੰਨੀ ਕਿ ਥਰਮਲ ਪਲਾਂਟ ਕੰਪਨੀ ਤੇ ਸਿਹਤ ਵਿਭਾਗ ਨਾਲ ਮਿਲ ਕੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਲਈ 3 ਸਾਲ ਪਹਿਲਾਂ ਕੀਤਾ ਕਰਾਰ ਖ਼ਤਮ ਹੋ ਚੁੱਕਾ ਸੀ। ਜਿਸ ਤੋਂ ਬਾਅਦ ਨਵੀਆਂ ਸੁਵਿਧਾਵਾਂ ਮੁਤਾਬਕ ਮੁੜ ਤੋਂ ਕਰਾਰ ਕੀਤਾ ਗਿਆ ਹੈ ਪਰ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਲਾਜ ਤੇ ਦਵਾਈਆਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਥਰਮਲ ਪ੍ਰਬੰਧਕਾਂ ਨਾਲ ਰਾਖ਼ ਦੀ ਸਮੱਸਿਆ ਦੇ ਸਮਾਧਾਨ ਲਈ ਗੱਲਬਾਤ ਕੀਤੀ ਗਈ ਹੈ ਤੇ ਪ੍ਰਬੰਧਕਾਂ ਨੇ ਨਵੀਂ ਟੈਕਨਾਲੋਜੀ ਨੂੰ ਜਲਦ ਹੀ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ।