ਮਾਨਸਾ: ਪੰਜਾਬ ਵਿੱਚ ਇਕ ਪਾਸੇ ਕੁਦਰਤੀ ਮਾਰ, ਹੜ੍ਹਾਂ ਨੇ ਲੋਕਾਂ ਦਾ ਹਾਲ ਬੇਹਾਲ ਕੀਤਾ ਤੇ ਹੁਣ ਹੜ੍ਹਾਂ ਤੋਂ ਬਾਅਦ ਰੋਜ਼ਾਨਾ ਆਉਣ ਵਾਲੀਆਂ ਸਮੱਸਿਆਵਾਂ ਨਾਲ ਲੋਕ ਜੂਝ ਰਹੇ ਹਨ। ਹੜ੍ਹਾਂ ਦੇ ਪਾਣੀਆਂ ਵਿੱਚ ਜਾਨ ਮਾਲ ਦੇ ਨੁਕਸਾਨ ਤੋਂ ਬਾਅਦ ਹੁਣ ਲੋਕ ਪੀਣ ਦੇ ਪਾਣੀ ਨੂੰ ਤਰਸ ਰਹੇ ਹਨ। ਸਭ ਤੋਂ ਵੱਧ ਮਾੜਾ ਹਾਲ ਦੇਖਣ ਨੂੰ ਮਿਲ ਰਿਹਾ ਹੈ ਮਾਨਸਾ ਦੇ ਸਰਦੂਲਗੜ੍ਹ ਇਲਾਕੇ ਵਿੱਚ ਜਿੱਥੇ ਲੋਕਾਂ ਨੂੰ ਪੀਣ ਦਾ ਪਾਣੀ ਨਸੀਬ ਨਹੀਂ ਹੋ ਰਿਹਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਸਰਦੂਲਗੜ੍ਹ ਇਲਾਕੇ ਕੋਲ ਲੰਘਦੀ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਵਧ ਜਾਣ ਕਾਰਨ ਪਿੰਡ ਫੂਸ ਮੰਡੀ ਵਿੱਚ ਬਣੇ ਹੋਏ ਵਾਟਰ ਵਰਕਸ ਵਿੱਚ ਵੀ ਤਿੰਨ ਚਾਰ ਫੁੱਟ ਪਾਣੀ ਭਰ ਗਿਆ ਸੀ। ਵਿਭਾਗ ਵੱਲੋਂ ਬੇਸ਼ੱਕ ਹੋਰ ਪਿੰਡ ਨਾਲ ਪਾਣੀ ਦੀ ਸਪਲਾਈ ਜੋੜਕੇ ਪਿੰਡ ਦੇ ਲੋਕਾਂ ਨੂੰ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਪਿੰਡ ਫੂਸ ਮੰਡੀ ਦੇ ਵਾਸੀ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ।
ਹੜ੍ਹਾਂ ਨੇ ਲੋਕਾਂ ਦਾ ਕੀਤਾ ਹਾਲ ਬੇਹਾਲ, ਪੀਣ ਵਾਲੇ ਪਾਣੀ ਨੂੰ ਤਰਸ ਰਹੇ ਪਿੰਡ ਫੂਸ ਮੰਡੀ ਦੇ ਲੋਕ
ਹੜ੍ਹਾਂ ਦੇ ਪਾਣੀਆਂ ਵਿੱਚ ਜਾਨ ਮਾਲ ਦਾ ਨੁਕਸਾਨ ਝੱਲਣ ਵਾਲੇ ਲੋਕ ਹੁਣ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਅਜਿਹੇ ਵਿੱਚ ਮਾਨਸਾ ਦੇ ਪਿੰਡ ਫੂਸ ਮੰਡੀ ਦੇ ਲੋਕਾਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਸਾਡੇ ਹਾਲਤ ਮਾੜੇ ਹਨ ਪਰ, ਪ੍ਰਸ਼ਾਸਨ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ।
ਧਰਤੀ ਹੇਠਲਾ ਪਾਣੀ ਪੀਣ ਨੂੰ ਮਜਬੂਰ ਲੋਕ : ਪਿੰਡ ਫੂਸ ਮੰਡੀ ਦੇ ਵਾਸੀਆਂ ਨੇ ਕਿਹਾ ਕਿ ਹੜਾਂ ਦਾ ਪਾਣੀ ਨਿਕਲ ਜਾਣ ਤੋਂ ਬਾਦ ਪਿੰਡ ਦੇ 80 ਫੀਸਦੀ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਹੜ ਆਉਣ ਦੇ ਨਾਲ ਵਾਟਰ ਵਰਕਸ ਦੇ ਟੈਂਕ ਗਾਰ ਦੇ ਨਾਲ ਭਰ ਗਏ ਅਤੇ ਪਾਣੀ ਦੀ ਸਪਲਾਈ ਪਿੰਡ ਵਾਸੀਆਂ ਨੂੰ ਬਿਲਕੁਲ ਬੰਦ ਹੋ ਗਈ ਜਿਸ ਕਾਰਨ ਪਿੰਡ ਵਾਸੀ ਦਾ ਪਾਣੀ ਪੀਣ ਤੋਂ ਤਰਸ ਰਹੇ ਹਨ ਅਤੇ ਮਜਬੂਰਨ ਧਰਤੀ ਹੇਠਲਾ ਪਾਣੀ ਪੀਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਨਾਲ ਲੋਕ ਬਿਮਾਰ ਹੋਣਗੇ ਕਿਉਂਕਿ ਧਰਤੀ ਹੇਠਲਾ ਪਾਣੀ ਸ਼ੁੱਧ ਨਾ ਹੋਣ ਕਾਰਨ ਲੋਕ ਸ਼ੁੱਧ ਪਾਣੀ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕਈ ਵਾਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਪਰ ਹਾਲੇ ਤੱਕ ਇਸ ਮਸਲੇ ਦਾ ਕੋਈ ਹੱਲ ਨਹੀ ਹੋਇਆ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਪਿੰਡ ਵਾਸੀਆਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇ।
- Punjab Flood update: ਅੰਮ੍ਰਿਤਸਰ 'ਚ ਬਿਆਸ ਦਰਿਆ ਨੇ ਮਚਾਈ ਤਬਾਹੀ, ਫਸਲਾਂ ਤੋਂ ਲੈਕੇ ਘਰਾਂ ਨੂੰ ਕੀਤਾ ਬਰਬਾਦ
- ਮਰਹੂਮ ਗਾਇਕ ਲਾਭ ਜੰਜੂਆ ਦੀ ਪਤਨੀ ਦੀ ਮੌਤ, ਮੰਡੀ ਗੋਬਿੰਦਗੜ੍ਹ 'ਚ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਅੰਤਿਮ ਸੰਸਕਾਰ ਮੌਕੇ ਨਹੀਂ ਪਹੁੰਚਿਆ ਕੋਈ ਕਲਾਕਾਰ
- ਸਿਟੀ ਸੈਂਟਰ ਦੀ ਥਾਂ PGI ਬਣਾਉਣ ਲਈ ਕੀ ਨੇ ਕਾਨੂੰਨੀ ਦਾਅ ਪੇਚ, ਕਰੋੜਾਂ ਦੇ ਇਸ ਪ੍ਰੋਜੈਕਟ ਦੇ ਕੀ ਨੇ ਮੌਜੂਦਾ ਹਾਲਾਤ, ਪੜ੍ਹੋ ਕਦੋਂ ਹੋਇਆ ਸੀ ਘੁਟਾਲਾ...
ਐਸ.ਡੀ.ਓ ਨੇ ਦਿੱਤਾ ਸਪਸ਼ਟੀਕਰਨ : ਉਥੇ ਹੀ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਐਸ.ਡੀ.ਓ. ਕਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਘੱਗਰ ਦਰਿਆ ਵਿੱਚ ਪਾੜ ਪੈਣ ਕਾਰਨ ਪਿੰਡ ਫੂਸ ਮੰਡੀ ਦੇ ਵਾਟਰ ਵਰਕਸ ਵਿੱਚ ਪਾਣੀ ਭਰਨ ਕਾਰਨ ਵਾਟਰ ਵਰਕਸ ਨੁਕਸਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪਾਣੀ ਉਤਰਨ ਤੋਂ ਬਾਅਦ ਵਿਭਾਗ ਵੱਲੋਂ ਨੇੜਲੇ ਪਿੰਡ ਕੌੜੀਵਾੜਾ ਦੇ ਵਾਟਰ ਵਰਕਸ ਤੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਫੂਸ ਮੰਡੀ ਦੇ ਵਾਟਰ ਵਰਕਸ ਨੂੰ ਠੀਕ ਕਰਨ ਲਈ 18 ਲੱਖ ਰੁਪਏ ਦਾ ਪੰਜਾਬ ਸਰਕਾਰ ਨੂੰ ਐਸਟੀਮੇਟ ਭੇਜ ਦਿੱਤਾ ਗਿਆ ਹੈ।