ਮਾਨਸਾ: ਸ਼ਹਿਰ ਦੀ ਬਾਲਾ ਜੀ ਕਲੋਨੀ ਵਿੱਚ ਇੱਕ ਵਿਆਹੁਤਾ ਔਰਤ ਦੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਵਿਆਹੁਤਾ ਦੀ ਲਾਸ਼ ਮਿਲਣ ਤੋਂ ਬਾਅਦ ਮ੍ਰਿਤਕ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਉੱਤੇ ਵਿਆਹੁਤਾ ਔਰਤ ਦੇ ਕਤਲ ਦਾ ਇਲਜ਼ਾਮ ਲਗਾਇਆ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਨੈਬ ਸਿੰਘ ਨੇ ਕਿਹਾ ਕਿ ਮ੍ਰਿਤਕ ਔਰਤ ਦਾ ਨਾਂਅ ਲਵਪ੍ਰੀਤ ਹੈ ਤੇ ਉਸ ਦੀ ਉਮਰ 24 ਸਾਲ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਦੁਪਹਿਰ ਦੇ 12 ਵਜੇ ਪੁਲਿਸ ਤੋਂ ਸੂਚਨਾ ਮਿਲੀ ਸੀ ਕਿ ਲਵਪ੍ਰੀਤ ਨੇ ਫਾਹਾ ਲਾਹ ਕੇ ਖੁਦਕੁਸ਼ੀ ਕਰ ਲਈ ਹੈ। ਜਦੋਂ ਉਨ੍ਹਾਂ ਨੇ ਉੱਥੇ ਪਹੁੰਚ ਕੇ ਦੇਖਿਆ ਤਾਂ ਲਵਪ੍ਰੀਤ ਦੀ ਲਾਸ਼ ਨੂੰ ਕੀੜੀਆਂ ਲੱਗੀਆਂ ਹੋਈਆਂ ਸੀ ਤੇ ਇੰਝ ਲੱਗ ਰਿਹਾ ਸੀ ਜਿਵੇਂ ਉਸ ਦੀ ਮੌਤ 20 ਘੰਟੇ ਪਹਿਲਾਂ ਹੋਈ ਹੋਵੇ। ਉਨ੍ਹਾਂ ਕਿਹਾ ਕਿ ਲਵਪ੍ਰੀਤ ਖੁਦਕੁਸ਼ੀ ਨਹੀਂ ਕਰ ਸਕਦੀ, ਉਸ ਦਾ ਉਸ ਦੇ ਸਹੁਰੇ ਪਰਿਵਾਰ ਨੇ ਕਤਲ ਕੀਤਾ ਹੈ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲਵਪ੍ਰੀਤ ਦੇ ਸਹੁਰੇ ਪਰਿਵਾਰ ਨੇ ਉਸ ਦਾ ਕਤਲ ਕਰਕੇ ਬਾਅਦ ਵਿੱਚ ਉਸ ਦੀ ਲਾਸ਼ ਨੂੰ ਪੱਖੇ ਨਾਲ ਟੰਗ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।