ਮਾਨਸਾ: ਸਰਕਾਰੀ ਹਸਪਤਾਲਾਂ 'ਚ ਬੇਸ਼ੱਕ ਆਪ੍ਰੇਸ਼ਨ ਕਰਨ ਲਈ ਮਿਸ਼ਨਰੀ ਉਪਲੱਬਧ ਹੈ, ਪਰ ਡਾਕਟਰਾਂ ਦੀ ਘਾਟ ਕਾਰਨ ਸਰਕਾਰੀ ਹਸਪਤਾਲਾਂ ਚੋਂ ਇਲਾਜ ਕਰਵਾਉਣ ਦੀ ਬਜਾਏ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਆਪ੍ਰੇਸ਼ਨ ਕਰਵਾਉਣਾ ਬਿਹਤਰ ਸਮਝਦੇ ਹਨ। ਜੇਕਰ ਸਰਕਾਰੀ ਹਸਪਤਾਲਾਂ 'ਚ ਡਾਕਟਰ ਹਨ ਤਾਂ ਉਥੇ ਜਲਦੀ ਮਰੀਜ਼ ਦੀ ਪੁੱਛਗਿੱਛ ਨਹੀਂ ਹੁੰਦੀ। ਜਿਸ ਕਾਰਨ ਮਜਬੂਰੀ ਵੱਸ ਲੋਕ ਮਹਿੰਗੇ ਇਲਾਜ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ 'ਚ ਜਾਣ ਨੂੰ ਤਰਜੀਹ ਦਿੰਦੇ ਹਨ।
ਇਸ ਸਬੰਧੀ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ 'ਚ ਸਰਜਰੀ ਕਰਨ ਲਈ ਜਿਥੇ ਮਿਸ਼ਨਰੀ ਬਹੁਤ ਘੱਟ ਹੈ, ਉਥੇ ਹੀ ਡਾਕਟਰਾਂ ਦੀ ਵੀ ਵੱਡੀ ਘਾਟ ਹੈ। ਜਿਸ ਕਾਰਨ ਪ੍ਰਾਈਵੇਟ ਹਸਪਤਾਲਾਂ ਦਾ ਰੁਖ ਕਰਨਾ ਪੈਂਦਾ ਹੈ। ਬੇਸ਼ਕ ਸਰਜਰੀ ਮਹਿੰਗੀ ਹੋਣ ਕਾਰਨ ਗ਼ਰੀਬ ਵਰਗ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਸਰਕਾਰੀ ਹਸਪਤਾਲਾਂ 'ਚ ਖੱਜਲ ਖੁਆਰੀ ਤੋਂ ਪਰੇਸ਼ਾਨ ਹੋ ਕੇ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਵਾਉਣ ਦੇ ਲਈ ਮਜਬੂਰ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸਪਤਾਲਾਂ 'ਚ ਮਰੀਜ਼ਾਂ ਦੀ ਸਰਜਰੀ ਲਈ ਸਪੈਸ਼ਲ ਡਾਕਟਰਾਂ ਦਾ ਪ੍ਰਬੰਧ ਕੀਤਾ ਜਾਵੇ। ਜਦੋਂ ਕਿ ਹੁਣ ਕੋਰੋਨਾ ਦੀ ਮਹਾਂਮਾਰੀ ਚੱਲ ਰਹੀ ਹੈ ਤਾਂ ਇਸ ਦੌਰਾਨ ਸਰਕਾਰੀ ਹਸਪਤਾਲਾਂ 'ਚ ਸਰਜਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਐਮਰਜੈਂਸੀ ਕੇਸ ਹੀ ਅਪਰੇਟ ਕੀਤੇ ਜਾ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਜਰੀ ਕਰਵਾਉਣ ਲਈ ਜੂਝ ਰਹੇ ਲੋਕਾਂ ਦੀਆਂ ਸਰਜਰੀਆਂ ਕੀਤੀਆਂ ਜਾਣ ਤਾਂ ਕਿ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ।