ਮਾਨਸਾ: ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਵਿੱਚ ਪਿਛਲੇ ਇੱਕ ਮਹੀਨੇ ਤੋਂ ਸਕੂਲ ਕਾਲਜ ਬੰਦ ਹਨ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਨ ਦੇ ਲਈ ਕਿਹਾ ਗਿਆ ਹੈ ਜੋ ਕਿ ਸਮਾਰਟਫੋਨ 'ਤੇ ਸਕੂਲ ਦਾ ਕੰਮ ਭੇਜਿਆ ਜਾਂਦਾ ਹੈ ਤਾਂਕਿ ਬੱਚੇ ਇਸ ਦੌਰਾਨ ਆਪਣੇ ਸਕੂਲ ਦਾ ਕੰਮ ਕਰ ਸਕਣ ਪਰ ਗਰੀਬ ਮਾਪਿਆਂ ਨੂੰ ਕੋਰੋਨਾ ਦੇ ਨਾਲ-ਨਾਲ ਹੁਣ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਵੀ ਸਤਾ ਰਿਹਾ ਹੈ।
ਗਰੀਬ ਮਾਪਿਆਂ ਦਾ ਕਹਿਣਾ ਹੈ ਕਿ ਉਹ ਨਾ ਤਾਂ ਆਪਣੇ ਬੱਚਿਆਂ ਦੇ ਲਈ ਮਹਿੰਗੇ ਮੋਬਾਈਲ ਖਰੀਦ ਸਕਦੇ ਹਨ ਤੇ ਨਾ ਹੀ ਸਰਕਾਰ ਵੱਲੋਂ ਉਨ੍ਹਾਂ ਨੂੰ ਕਿਤਾਬਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਸ ਕਰਕੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ 'ਤੇ ਬੁਰਾ ਅਸਰ ਪੈ ਰਿਹਾ ਹੈ।
ਸਕੂਲੀ ਬੱਚਿਆਂ ਦੀ ਪੜ੍ਹਾਈ ਦੇ ਲਈ ਬੇਸ਼ੱਕ ਸਰਕਾਰ ਵੱਲੋਂ ਆਨਲਾਈਨ ਪੜ੍ਹਾਈ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪਰ ਗਰੀਬ ਮਾਪਿਆਂ ਕੋਲ ਮਹਿੰਗੇ ਮੋਬਾਈਲ ਨਾ ਹੋਣ ਕਾਰਨ ਗਰੀਬ ਮਾਪੇ ਚਿੰਤਾ ਵਿੱਚ ਹਨ।
ਮਾਨਸਾ ਦੇ ਪਿੰਡ ਨੰਗਲ ਕਲਾਂ ਦੇ ਗੁਰਦੀਪ ਸਿੰਘ ਤੇ ਹਰਦੀਪ ਸਿੰਘ ਨੇ ਕਿਹਾ ਕਿ ਉਸ ਦੇ ਦੋ ਬੱਚੇ ਹਨ। ਇੱਕ ਨੌਵੀ ਅਤੇ ਦੂਸਰਾ ਸੱਤਵੀ ਕਲਾਸ ਵਿੱਚ ਪੜ੍ਹਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਨਲਾਈਨ ਪੜ੍ਹਾਈ ਕਰਨ ਦੇ ਲਈ ਕਿਹਾ ਗਿਆ ਪਰ ਉਨ੍ਹਾਂ ਕੋਲ ਇੰਨ੍ਹੇ ਮਹਿੰਗੇ ਮੋਬਾਈਲ ਖਰੀਦਣ ਦੇ ਲਈ ਪੈਸੇ ਨਹੀਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੇ ਬੱਚਿਆਂ ਨੂੰ ਕਿਤਾਬਾਂ ਉਪਲੱਬਧ ਕਰਵਾਏ ਤਾਂ ਕਿ ਉਨ੍ਹਾਂ ਦੇ ਬੱਚੇ ਘਰਾਂ 'ਚ ਬੈਠੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ।
ਉਨ੍ਹਾਂ ਕਿਹਾ ਕਿ ਉਹ ਕੋਰੋਨਾ ਦੇ ਕਾਰਨ ਆਪਣੇ ਘਰਾਂ 'ਚ ਬੈਠੇ ਹਨ ਅਤੇ ਨਾ ਹੀ ਉਨ੍ਹਾਂ ਦੀ ਕੋਈ ਦਿਹਾੜੀ ਲੱਗ ਰਹੀ ਹੈ ਅਤੇ ਉਨ੍ਹਾਂ ਨੂੰ ਫ਼ਿਕਰ ਰੋਟੀ ਦਾ ਹੈ ਦੂਸਰਾ ਹੁਣ ਆਨਲਾਈਨ ਪੜ੍ਹਾਈ ਦੇ ਕਾਰਨ ਮੋਬਾਈਲ ਖਰੀਦਣ ਦੇ ਲਈ ਚਿੰਤਾ ਸਤਾ ਰਹੀ ਹੈ।
ਉੱਥੇ ਹੀ ਡਿਪਟੀ ਡੀਈਓ ਜਗਰੂਪ ਸਿੰਘ ਨੇ ਕਿਹਾ ਕਿ ਕਰਫਿਊ ਦੌਰਾਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ, ਇਸ ਦੇ ਲਈ ਉਨ੍ਹਾਂ ਸਕੂਲ ਅਧਿਆਪਕਾਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਦੇ ਲਈ ਕਿਹਾ ਹੈ ਅਤੇ ਇਸ ਦੇ ਨਾਲ ਹੀ ਜਿਨ੍ਹਾਂ ਬੱਚਿਆਂ ਕੋਲ ਮੋਬਾਈਲ ਹਨ, ਉਨ੍ਹਾਂ ਦੇ ਨਾਲ ਚਾਰ-ਚਾਰ ਬੱਚੇ ਜੋੜੇ ਗਏ ਹਨ ਤਾਂ ਕਿ ਸਕੂਲ ਦਾ ਕੰਮ ਉਹ ਆਪਣੇ ਦੂਸਰੇ ਸਾਥੀਆ ਨੂੰ ਵੀ ਦੱਸ ਸਕਣ।
ਇਹ ਵੀ ਪੜੋ: ਕੋਵਿਡ-19: ਪੰਜਾਬ 'ਚ 17 ਮਈ ਤੱਕ ਜਾਰੀ ਰਹੇਗਾ ਕਰਫਿਊ, ਦਿਨ 'ਚ 4 ਘੰਟੇ ਤੱਕ ਦਿੱਤੀ ਜਾਵੇਗੀ ਢਿੱਲ: ਕੈਪਟਨ