ਮਾਨਸਾ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਦੀਪਕ ਟੀਨੂੰ ਫ਼ਰਾਰ ਮਾਮਲੇ ਵਿਚ ਸੀਆਈਏ ਸਟਾਫ ਦੇ ਇੰਚਾਰਜ ਨੂੰ ਮੁਅੱਤਲ ਅਤੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਨਾਲ ਹੀ ਫਰਾਰ ਗੈਂਗਸਟਰ ਦੀਪਕ ਟੀਨੂੰ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੀਆਈਏ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੀਪਕ ਟੀਨੂੰ ਨੂੰ ਮਾਨਸਾ ਦੇ ਸੀਆਈਏ ਤੋ ਲੈ ਕੇ ਪਹਿਲਾਂ ਡੀਸੀ ਦੀ ਕੋਠੀ ਦੇ ਨਜਦੀਕ ਤਿਨਕੋਨੀ ਤੋਂ ਇੱਕ ਲੜਕੀ ਨੂੰ ਆਪਣੀ ਗੱਡੀ ਵਿੱਚ ਬਿਠਾਇਆ। ਫਿਰ ਪ੍ਰਿਤਪਾਲ ਸਿੰਘ ਦੀਪਕ ਟੀਨੂੰ ਅਤੇ ਲੜਕੀ ਨੂੰ ਨਾਲ ਲੈ ਕੇ ਆਪਣੀ ਸਰਕਾਰੀ ਰਿਹਾਇਸ਼ ਉੱਤੇ ਪਹੁੰਚੇ ਸੀ। ਇਹ ਵੀ ਪਤਾ ਲੱਗਾ ਹੈ ਕਿ ਮਾਨਸਾ ਦੀ ਤਿੰਨਕੋਨੀ ਤੇ ਉਸ ਲੜਕੀ ਨੂੰ ਛੱਡਣ ਦੇ ਲਈ ਕੋਈ ਹੋਰ ਵਿਅਕਤੀ ਆਇਆ ਸੀ ਮਾਨਸਾ ਪੁਲੀਸ ਹੁਣ ਸੀਸੀਟੀਵੀ ਫੁਟੇਜ਼ ਦੇ ਜ਼ਰੀਏ ਛਾਣਬੀਣ ਕਰ ਰਹੀ ਹੈ।
ਕਾਬਿਲੇਗੌਰ ਹੈ ਕਿ ਮਾਨਸਾ ਪੁਲਿਸ ਗੈਂਗਸਟਰ ਦੀਪਕ ਟੀਨੂੰ ਨੂੰ ਕਪੂਰਥਲਾ ਜੇਲ੍ਹ ਤੋਂ ਰਿਮਾਂਡ ’ਤੇ ਲੈ ਕੇ ਆਈ ਸੀ। ਸਰਦੂਲਗੜ੍ਹ ਦੇ ਇੱਕ ਕਤਲ ਕੇਸ ਦੇ ਵਿੱਚ ਮਾਨਸਾ ਪੁਲਿਸ ਰਿਮਾਂਡ ’ਤੇ ਲੈ ਕੇ ਆਈ ਸੀ। ਦੱਸ ਦਈਏ ਕਿ ਮੂਸੇਵਾਲਾ ਕਤਲਕਾਂਡ ਦੀ ਪਲਾਨਿੰਗ ਵਿੱਚ ਆਖਿਰੀ ਕਾਨਫਰੰਸ ਕਾਲ ਲਾਰੈਂਸ ਅਤੇ ਟੀਨੂੰ ਦੇ ਵਿਚਾਲੇ 27 ਮਈ ਨੂੰ ਹੋਈ ਸੀ ਅਤੇ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ।