ਮਾਨਸਾ:ਬਠਿੰਡਾ ਤੋਂ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਆਪਣੇ ਹਲਕੇ ਦੇ ਦੌਰੇ ਉੱਤੇ ਪਹੁੰਚੇ ਅਤੇ ਇਸ ਦੌਰਾਨ ਉਨ੍ਹਾਂ ਅੱਜ ਹਲਕਾ ਦੇ ਕਈ ਪਿੰਡਾਂ ਦਾ ਤੂਫਾਨੀ ਦੌਰਾ ਕਰਦੇ ਹੋਏ ਪਿੰਡ ਕਲੀਪੁਰ ਵਿੱਚ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਸਾਰੀਆਂ ਹੀ ਪਾਰਟੀਆਂ ਪੰਜਾਬ ਦੀ ਸੱਤਾ ਨੂੰ ਹਾਸਲ ਕਰਨ ਦੇ ਲਈ ਇੱਕ ਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰ ਰਹੇ ਹਨ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਠਹਿਰਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਪਹਿਲਾਂ ਕਾਂਗਰਸ ਸਰਕਾਰ ਦੇ ਰਾਜ ਵਿਚ ਇਸ ਦੀ ਜਾਂਚ ਹੋਈ ਅਤੇ ਜਾਂਚ ਨੂੰ ਪੇਸ਼ ਕੀਤਾ ਪਰ ਉਸ ਸਮੇਂ ਵੀ ਵਿਰੋਧੀਆਂ ਦੀ ਚਾਲ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕੋਝੀਆਂ ਸਾਜ਼ਿਸ਼ਾਂ: ਉਨ੍ਹਾਂ ਕਿਹਾ ਕਿ ਹੁਣ ਕੋਟਕਪੂਰਾ ਗੋਲੀ ਕਾਂਡ ਨੂੰ ਅਧਾਰ ਬਣਾਇਆ ਜਾ ਰਿਹਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਜਾਂਚ ਨੂੰ ਪੇਸ਼ ਕੀਤਾ ਹੈ, ਜਿਸ ਵਿੱਚ ਪੰਜ ਵਾਰ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਂਅ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕੋਝੀਆਂ ਸਾਜ਼ਿਸ਼ਾਂ ਕਰ ਰਹੀ ਹੈ ਜਿਸ ਨਾਲ ਕੁੱਝ ਵੀ ਸ਼ਾਬਿਤ ਨਹੀਂ ਹੋਣ ਵਾਲਾ। ਉਨ੍ਹਾਂ ਕਿਹਾ ਵਰਕਰਾਂ ਨੂੰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਸਰਕਾਰ ਵੱਲੋਂ ਪੈਸਾ ਖਰਚ ਕਰਕੇ ਜੋ ਝੂਠ ਪਰੋਸਿਆ ਜਾ ਰਿਹਾ ਹੈ ਉਸ ਝੂਠ ਨੂੰ ਬੇਨਕਾਬ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਸ਼ੇ ਦੇ ਨਾਮ ਉੱਤੇ ਬਦਨਾਮ ਕੀਤਾ ਗਿਆ ਪਰ ਇਹਨਾਂ ਦੇ ਕੋਲ ਕੋਈ ਵੀ ਠੋਸ ਸਬੂਤ ਨਹੀ ਹੈ ਅਤੇ ਅੱਜ ਤਕ ਨਸ਼ੇ ਦੇ ਕਾਰੋਬਾਰੀਆਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ।