ਮਾਨਸਾ :ਪੰਜਾਬ ਦੇ ਮਸ਼ਹੂਰ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਅੱਜ ਦੇ ਹੀ ਦਿਨ ਗਾਇਕ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁੱਤਰ ਦੇ ਗ਼ਮ 'ਚ ਅੱਜ ਤੱਕ ਮਾਪੇ ਰੋਂਦੇ ਹਨ। ਪੁੱਤਰ ਦੇ ਇਨਸਾਫ ਲਈ ਦੇਸ਼ ਵਿਦੇਸ਼ ਤੱਕ ਦੀਆਂ ਸਰਕਾਰਾਂ ਤੋਂ ਗੁਹਾਰ ਲਗਾ ਚੁਕੇ ਹਨ। ਉਥੇ ਹੀ ਦੇਸ਼ ਦੁਨੀਆਂ ਤੋਂ ਸਿੱਧੂ ਮੂਸੇਵਾਲਾ ਯਾਦ ਕਰਦਿਆਂ ਸ਼ਰਧਾਂਜਲੀ ਵੀ ਦਿੱਤੀ ਜਾ ਰਹੀ ਹੈ। ਅੱਜ ਪਰਿਵਾਰ ਵੱਲੋਂ ਪਿੰਡ ਮੂਸਾ ਵਿਖੇ ਬਰਸੀ ਮਨਾਈ ਜਾ ਰਹੀ ਹੈ, ਜਿਥੇ ਦੂਰ-ਦੂਰ ਤੋਂ ਲੋਕ ਪਹੁੰਚ ਰਹੇ ਹਨ। ਉਥੇ ਹੀ ਮਾਤਾ ਚਰਨ ਕੌਰ ਆਪਣੇ ਮਰਹੂਮ ਪੁੱਤ ਦੀ ਯਾਦਗਾਰ 'ਤੇ ਪਹੁੰਚੇ ਅਤੇ ਇਸ ਦੌਰਾਨ ਭੁੱਬਾਂ ਮਾਰ ਮਾਰ ਰੋਏ।ਜਵਾਨ ਪੁੱਤ ਦੀ ਮੌਤ ਦਾ ਦਿਨ ਮਾਂ ਨੂੰ ਇਕ ਵਾਰ ਫਿਰ ਤੋਂ ਝੰਜੋੜ ਗਿਆ। ਮੂਸੇਵਾਲਾ ਦੀ ਮਾਤਾ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਭਾਵੁਕ ਹੋ ਕੇ ਆਪਣੇ ਪੁੱਤਰ ਨੂੰ ਆਵਾਜ਼ਾਂ ਵੀ ਮਾਰੀਆਂ ਤੇ ਰੋਂਦਿਆਂ ਕਿਹਾ ਪੁੱਤਰਾ ਇੱਕ ਵਾਰ ਤਾਂ ਜ਼ਰੂਰ ਵਾਪਸ ਆਜਾ।
ਕਤਲ ਤੋਂ ਬਾਅਦ ਟੁੱਟਿਆ ਸਿੱਧੂ ਪਰਿਵਾਰ :29 ਮਈ ਦੀ ਸ਼ਾਮ ਨੂੰ ਗੈਂਗਸਟਰਾਂ ਵੱਲੋਂ ਕਤਲ ਕੀਤੇ ਜਾਣ ਤੋਂ ਬਾਅਦ ਸਿੱਧੂ ਪਰਿਵਾਰ ਟੁੱਟ ਗਿਆ। ਮਾਤਾ ਪਿਤਾ ਇੱਕਲੇ ਰਹੀ ਗਏ ਹਨ ਅਤੇ ਇੱਕਲੋਤੇ ਪੁੱਤਰ ਨੂੰ ਇਨਸਾਫ ਦਵਾਉਣ ਲਈ ਦਰ ਦਰ ਭਟਕ ਰਹੇ ਹਨ, ਪਰ ਸਾਲ ਬਾਅਦ ਵੀ ਇਨਸਾਫ ਨਹੀਂ ਮਿਲਿਆ। ਭਾਵੇਂ ਹੀ ਗੈਂਗਸਟਰਾਂ ਨੂੰ ਗਿਰਫ਼ਤਾਰ ਕਰਨ ਦੀਆਂ ਗੱਲਾਂ ਸਾਹਮਣੇ ਆਈਆਂ ਹੈ ਪਰ ਅਸਲ ਵਿਚ ਮਾਸਟਰਮਾਇੰਡ ਕੌਣ ਸੀ ਇਹ ਨਹੀਂ ਪਤਾ ਲੱਗ ਸਕਿਆ। ਹਾਲਾਂਕਿ ਪਰਿਵਾਰ ਵੱਲੋਂ ਜਿੰਨਾ ਦਾ ਨਾਮ ਲਿਆ ਜਾਂਦਾ ਹੈ ਉਹ ਪਕੜ ਤੋਂ ਦੂਰ ਹਨ।