ਮਾਨਸਾ: ਜ਼ਿਲ੍ਹਾ ਮਾਨਸਾ ਵਿੱਚ ਇੱਕ ਸਮਾਗਮ ਅੰਦਰ ਸ਼ਮੂਲੀਅਤ ਕਰਨ ਪਹੁੰਚੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਸਿੱਧੇ ਤੌਰ ਉੱਤੇ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੀ ਪੁਲਿਸ ਰਿਮਾਂਡ ਦੌਰਾਨ ਗੈਂਗਸਟਰ ਲਾਰੇਂਸ ਬਿਸ਼ਨੋਈ ਤੋਂ ਕੋਈ ਵੀ ਅਹਿਮ ਖੁਲਾਸਾ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਐੱਨਆਈਏ ਨੇ ਪਹਿਲੀ ਵਾਰ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ਉੱਤੇ ਲਿਆ ਤਾਂ ਸਾਰੀਆਂ ਫਿਰੌਤੀਆਂ ਮੰਗਣ ਦੀਆਂ ਲਿਸਟਾਂ ਬਹਰ ਆ ਗਈਆਂ। ਐੱਨਆਈਏ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਫ ਹੋ ਗਿਆ ਹੈ ਕਿ ਲਾਰੇਂਸ ਬਿਸ਼ਨੋਈ ਕਰੀਬ ਸਾਢੇ ਤਿੰਨ ਕਰੋੜ ਰੁਪਏ ਲੋਕਾਂ ਤੋਂ ਡਰਾ ਧਮਕਾ ਕੇ ਮਹੀਨੇ ਦਾ ਇਕੱਠਾ ਕਰ ਰਿਹਾ ਹੈ ਅਤੇ ਇਸ ਪੈਸੇ ਦੇ ਨਾਲ ਸਾਰਾ ਸਰਕਾਰੀ ਸਿਸਟਮ ਖਰੀਦ ਰਿਹਾ ਹੈ।
ਸੁਨਿਆਰ ਦਾ ਸ਼ਰੇਆਮ ਕਤਲ: ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਸਾਰਾ ਪੈਸਾ ਇਕੱਠਾ ਕਰਕੇ ਦੂਸਰੇ ਦੇਸ਼ਾਂ ਵਿੱਚ ਭੇਜ ਰਿਹਾ ਹੈ। ਫਿਰ ਜਦੋਂ ਲਾਰੈਂਸ ਪੈਸੇ ਦੇ ਦਮ ਉੱਤੇ ਸਭ ਕੁਝ ਕਰ ਰਿਹਾ ਹੈ ਤਾਂ ਇਨਸਾਫ ਕਿਵੇਂ ਹੋਵੇਗਾ। ਸਰਕਾਰ ਦਾ ਲਾਅ ਅਨ ਆਰਡਰ ਕਿੱਥੇ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਮੋਗਾ ਦੇ ਵਿੱਚ ਵੀ ਇੱਕ ਸੁਨਿਆਰੇ ਦਾ ਕਤਲ ਕਰ ਦਿੱਤਾ ਅਤੇ ਸੁਨਿਆਰੇ ਨੇ ਇਹ ਵੀ ਕਿਹਾ ਸੀ ਕਿ ਮੇਰੇ ਤੋਂ ਪੈਸੇ ਲੈ ਲਵੋ ਕਤਲ ਨਾ ਕਰੋ ਪਰ ਬਾਵਜੂਦ ਇਸ ਦੇ ਬੇਖੌਫ ਗੈਂਗਸਟਰਾਂ ਨੇ ਉਸ ਵਿਅਕਤੀ ਨੂੰ ਸ਼ਰੇਆਮ ਕਤਲ ਕਰ ਦਿੱਤਾ ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ, ਕਿਹਾ- ਗੈਂਗਸਟਰਾਂ ਨੇ ਖਰੀਦਿਆ ਸਰਕਾਰੀ ਤੰਤਰ
ਮਾਨਸਾ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸਾਰਾ ਸਿਸਟਮ ਗੈਂਗਸਟਰਾਂ ਹੱਥ ਵਿਕ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ਼ਰੇਆਮ ਲੋਕਾਂ ਦੇ ਕਤਲ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਗੇ ਕਰਵਾਉਂਦੇ ਨੇ ਪਰ ਪੰਜਾਬ ਪੁਲਿਸ ਤੋਂ ਕੋਈ ਵੀ ਜਾਣਕਾਰੀ ਉਸ ਕੋਲੋਂ ਹਾਸਿਲ ਨਹੀਂ ਹੁੰਦੀ।
ਸੂਬੇ ਵਿੱਚ ਕੋਈ ਵੀ ਨਹੀਂ ਸੁਰੱਖਿਅਤ: ਉਨ੍ਹਾਂ ਕਿਹਾ ਕਿ ਕੋਈ ਵੀ ਆਪਣੇ ਪੁੱਤਰ ਨੂੰ ਤਰੱਕੀ ਨਾ ਕਰਵਾਓ ਕਿਉਂਕਿ ਇੱਥੇ ਤਰੱਕੀ ਕਰਨ ਵਾਲੇ ਨੂੰ ਮਾਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਦਿੱਲੀ ਦੀਆਂ ਏਜੰਸੀਆਂ ਨੇ ਪਹਿਲਾਂ ਹੀ ਪੰਜਾਬ ਨੂੰ ਸੂਚਿਤ ਕਰ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਦੋ ਵਿਅਕਤੀਆਂ ਦੀ ਜਾਨ ਨੂੰ ਸਭ ਤੋਂ ਜ਼ਿਆਦਾ ਖਤਰਾ ਸੀ ਅਤੇ ਸਭ ਤੋਂ ਜ਼ਿਆਦਾ ਖਤਰੇ ਦੀ ਲਿਸਟ ਵਿੱਚ ਸਿੱਧੂ ਮੂਸੇਵਾਲੇ ਦਾ ਨਾਂਅ ਵੀ ਸ਼ਾਮਿਲ ਸੀ। ਉਨ੍ਹਾਂ ਕਿਹਾ ਬਾਵਜੂਦ ਇਸ ਦੇ ਪੰਜਾਬ ਸਰਕਾਰ ਨੇ ਉਸ ਨੂੰ ਸੁਰੱਖਿਆ ਦੇਣ ਦੀ ਬਜਾਏ ਉਸ ਦੀ ਸੁਰੱਖਿਆ ਘਟਾ ਕੇ ਜਨਤਕ ਕਰ ਦਿੱਤੀ। ਜਿਸ ਕਾਰਨ ਉਸ ਦਾ ਕਤਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਨਾਂਅ ਦੀ ਕੋਈ ਵੀ ਚੀਜ਼ ਨਹੀਂ। ਪੰਜਾਬ ਦੇ ਵਿੱਚ ਦਿਨ ਦਿਹਾੜੇ ਕਤਲ ਹੋ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅੱਜ ਵੀ ਕੋਈ ਵਿਅਕਤੀ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸਾਨੂੰ ਇਨਸਾਫ਼ ਨਹੀਂ ਦੇਣਾ ਚਾਹੁੰਦੀ ਅਤੇ ਅੱਜ ਹਰ ਇੱਕ ਸ਼ਖ਼ਸ ਨੂੰ ਹੱਕ ਸੱਚ ਦੇ ਲਈ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ