ਮਾਨਸਾ:ਮਨਰੇਗਾ ਵਰਕਰ ਯੂਨੀਅਨ ਵੱਲੋਂ ਪਿੰਡਾਂ ਦੇ ਵਿੱਚ ਮਨਰੇਗਾ ਵਰਕਰਾਂ ਨੂੰ ਜਾਗਰੂਕ ਕਰਨ ਤੋਂ ਬਾਅਦ ਜ਼ਿਲ੍ਹਾ ਪੱਧਰ ’ਤੇ ਇਕੱਤਰਤਾ ਕਰਕੇ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮਨਰੇਗਾ ਦੇ ਵਿੱਚ ਵੱਡੇ ਪੱਧਰ ’ਤੇ ਘਪਲੇ ਹੋਏ ਹਨ ਅਤੇ ਇੰਨ੍ਹਾਂ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਮਨਰੇਗਾ ਵਰਕਰਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਮਨਰੇਗਾ ਵਰਕਰ ਯੂਨੀਅਨ ਵੱਲੋਂ ਪਿੰਡਾਂ ਦੇ ਵਿੱਚ ਸੱਤ ਦਿਨਾਂ ਮਾਰਚ ਤੋਂ ਬਾਅਦ ਹੁਣ ਮਾਨਸਾ ਦੀ ਕਚਹਿਰੀ ਵਿਖੇ ਇਕੱਤਰਤਾ ਕਰਕੇ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ (MGNREGA workers protest in Mansa ) ਕੀਤਾ ਅਤੇ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਮਨਰੇਗਾ ਦੇ ਅਧੀਨ ਵੱਡੇ ਘਪਲੇ ਹੋਏ ਹਨ ਜਿੰਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਮਨਰੇਗਾ ਵਿੱਚ ਪਿੰਡਾਂ ’ਚੋਂ ਅਜੇ ਤੱਕ ਮਜ਼ਦੂਰਾਂ ਦੇ ਜੌਬ ਕਾਰਡ ਨਹੀਂ ਬਣਾਏ ਗਏ ਇਸ ਤੋਂ ਇਲਾਵਾ ਸਰਕਾਰ ਵੱਲੋਂ 269 ਰੁਪਏ ਮਜ਼ਦੂਰੀ ਤੈਅ ਕੀਤੀ ਗਈ ਹੈ ਜਦੋਂ ਕਿ ਕਈ ਪਿੰਡਾਂ ਵਿੱਚ ਮਨਰੇਗਾ ਦੇ ਅਧਿਕਾਰੀ 80 ਤੋਂ 100 ਰੁਪਏ ਤੱਕ ਮਜ਼ਦੂਰੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਪੰਚਾਇਤਾਂ ਅਤੇ ਮਨਰੇਗਾ ਦੇ ਅਧਿਕਾਰੀਆਂ ਵੱਲੋਂ ਵੱਡੇ ਘਪਲੇ ਕਰਕੇ ਮਨਰੇਗਾ ਨੂੰ ਬੰਦ ਕਰਨ ਦੀ ਕਗਾਰ ’ਤੇ ਖੜ੍ਹਾ ਕਰ ਦਿੱਤਾ ਹੈ ਉੱਥੇ ਮਨਰੇਗਾ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਮਨਰੇਗਾ ਵਰਕਰ ਯੂਨੀਅਨ ਵੱਲੋਂ ਹੁਣ ਝੰਡਾ ਬੁਲੰਦ ਕਰ ਲਿਆ ਗਿਆ ਹੈ।