ਮਾਨਸਾ: ਲੋਕਾਂ ਨੂੰ ਸਿਹਤਮੰਦ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਮਨਰੇਗਾ ਅਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਖੇਡ ਮੈਦਾਨਾਂ ਅਤੇ ਪਾਰਕਾਂ ਦਾ ਨਿਰਮਾਣ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਜਿਲ੍ਹਾ ਕੁਆਰਡੀਨੇਟਰ ਮਨਰੇਗਾ ਨੇ ਦੱਸਿਆ ਕਿ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਮਾਨਮਾ 'ਚ ਖੇਡ ਮੈਦਾਨਾਂ ਅਤੇ ਪਾਰਕ ਬਣਾਉਣ ਦਾ ਕੰਮ ਵੱਡੇ ਪੱਧਰ 'ਤੇ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤਕ 28 ਪਾਰਕ ਅਤੇ 21 ਖੇਡ ਮੈਦਾਨ ਬਣ ਕੇ ਤਿਆਰ ਹੋ ਚੁੱਕੇ ਹਨ ਜਦ ਕਿ 37 ਪਾਰਕਾਂ ਅਤੇ 16 ਖੇਡ ਮੈਦਾਨਾਂ ਦਾ ਕੰਮ ਜਾਰੀ ਹੈ। ਗੁਰਮੀਤ ਸਿੰਘ (ਏਡੀਸੀ ਵਿਕਾਸ ਮਾਨਸਾ) ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਮਨਰੇਗਾ ਸਕੀਮ ਅਧੀਨ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਖਾਲੀ ਪਈ ਥਾਂ ਅਤੇ ਸਾਂਝੀਆਂ ਥਾਵਾਂ 'ਤੇ ਪਾਰਕ ਅਤੇ ਫੁੱਟਬਾਲ ਬਾਸਕਿਟ ਬਾਲ, ਵਾਲੀਬਾਲ, ਕਬੱਡੀ, ਖੋ ਖੋ ਅਤੇ ਅਥਲੈਟਿਕਸ ਦੇ ਲਈ ਖੇਡ ਮੈਦਾਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।