ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਚ ਪੁਲਿਸ ਵੱਲੋਂ ਜਿੱਥੇ ਵੱਡੇ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਪੁਲਿਸ ਦੀ ਟੀਮ ਵੱਲੋਂ ਦੋਸ਼ੀਆਂ ਤੱਕ ਵੀ ਪਹੁੰਚਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਕਤਲਕਾਂਡ ਚ ਸ਼ਾਮਲ ਮਨੂੰ ਕੁੱਸਾ ਅਤੇ ਜਗਰੂਪ ਰੁਪਾ ਦਾ ਪੁਲਿਸ ਵੱਲੋਂ ਅੰਮ੍ਰਿਤਸਰ ਵਿਖੇ ਐਨਕਾਊਂਟਰ ਕੀਤਾ ਗਿਆ। ਉੱਥੇ ਹੀ ਦੂਜੇ ਪਾਸੇ ਪੁਲਿਸ ਵੱਲੋਂ ਹੁਣ ਆਖਰੀ ਸ਼ੂਟਰ ਦੀਪਕ ਮੁੰਡੀ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਨਸਾ ਦੇ ਐਸਐਸਪੀ ਗੋਰਵ ਤੂਰਾ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਕਾਤਲ ਮਾਮਲੇ ਦੀ ਜਾਂਚ ਮਾਨਸਾ ਪੁਲਿਸ ਵੱਲੋਂ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਪੰਜਾਬ ਵੱਲੋਂ ਰੱਖੀ ਗਈ ਬੈਠਕ ਵਿੱਚ ਸਾਰੇ ਸੀਨੀਅਰ ਅਧਿਕਾਰੀ ਹਾਜ਼ਰ ਹਨ, ਜੋ ਰੋਜ਼ਾਨਾ ਇਸ ਬੈਠਕ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਦੌਰਾਨ ਦੋਸ਼ੀ ਪਾਏ ਗਏ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਨੇ ਵੱਖ-ਵੱਖ ਤੱਥਾਂ ਤੋਂ ਤਫ਼ਤੀਸ਼ ਕਰਕੇ ਇਸ ਮਾਮਲੇ ਵਿੱਚ ਚੰਗੀ ਤਰੱਕੀ ਕੀਤੀ ਹੈ। ਇਸ ਮਾਮਲੇ ਵਿੱਚ ਲੋੜੀਂਦੇ ਦੋ ਮੁੱਖ ਨਿਸ਼ਾਨੇਬਾਜ਼ਾਂ ਦੀ ਠੋਸ ਸੂਚਨਾ ਅਤੇ ਟਿਕਾਣੇ ਦੇ ਪਤੇ ਦੀ ਪ੍ਰਾਪਤੀ 'ਤੇ, ਪੰਜਾਬ ਪੁਲਿਸ ਨੇ ਏਜੀਟੀਐਫ ਦੇ ਨਾਲ ਜਗ੍ਹਾ ਦੀ ਘੇਰਾਬੰਦੀ ਕੀਤੀ ਅਤੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਸ਼ੂਟਰਾਂ ਵੱਲੋਂ ਆਤਮ ਸਮਰਪਣ ਕਰਨ ਦੀ ਬਜਾਏ ਪੁਲਿਸ ਮੁਲਾਜ਼ਮਾਂ 'ਤੇ ਗੋਲੀ ਚਲਾ ਦਿੱਤੀ ਗਈ, ਜਿਸ 'ਚ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ 'ਚ ਦੋਵੇਂ ਸ਼ੂਟਰ ਮਾਰੇ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ 'ਚ ਕੁੱਲ 30 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 21 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ 2 ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ 7 ਦੋਸ਼ੀਆਂ ਦੀ ਭਾਲ ਜਾਰੀ ਹੈ, ਜਿਨ੍ਹਾਂ 'ਚੋਂ ਕੁਝ ਵਿਦੇਸ਼ 'ਚ ਬੈਠੇ ਹਨ, ਜਿਨ੍ਹਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਵਿੱਚ ਸ਼ਾਮਲ ਆਖਰੀ ਸ਼ੂਟਰ ਦੀਪਕ ਮੁੰਡੀ ਨੂੰ ਫੜਨ ਲਈ ਕੋਸ਼ਿਸ਼ਾਂ ਜਾਰੀ ਹਨ ਅਤੇ ਸਾਨੂੰ ਯਕੀਨ ਹੈ ਕਿ ਉਹ ਜਲਦੀ ਹੀ ਫੜਿਆ ਜਾਵੇਗਾ।
ਇਹ ਵੀ ਪੜੋ:ਕੈਨੇਡਾ ’ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਸਹੁਰਿਆਂ ‘ਤੇ ਲੱਗੇ ਦਬਾਅ ਦੇ ਇਲਜ਼ਾਮ