ਮਾਨਸਾ: ਜ਼ਿਲ੍ਹੇ ਦੇ ਪਿੰਡਾਂ ਵਿੱਚ ਪਾਣੀ ਲਗਾਤਾਰ ਦਾਖ਼ਲ ਹੋ ਰਿਹਾ ਹੈ। ਪਾਣੀ ਨੇ ਹੁਣ ਤੱਕ 10 ਪਿੰਡਾਂ ਨੂੰ ਆਪਣੀ ਚਪੇਟ ਵਿੱਚ ਦੇ ਲਿਆ ਹੈ। ਪਾਣੀ ਲਗਾਤਾਰ ਤੇਜ਼ੀ ਦੇ ਨਾਲ ਪਿੰਡਾਂ ਵੱਲ ਵੱਧ ਰਿਹਾ ਹੈ। ਪਿੰਡਾਂ ਵਾਲਿਆਂ ਨੇ ਪਾਣੀ ਤੋਂ ਬਚਣ ਦੇ ਲਈ ਆਪਣੀ ਘਰਾਂ ਅਤੇ ਗਲੀਆਂ ਦੇ ਬਾਹਰ ਵੱਡੇ ਬੰਨ ਲਗਾ ਲਏ ਹਨ। ਲੋਕਾਂ ਦੀ ਮਦਦ ਦੇ ਲਈ ਹੁਣ ਜਿਲ੍ਹੇ ਦੇ ਵਿੱਚ ਐਨਡੀਆ ਐਫ ਅਤੇ ਆਰਮੀ ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ।
ਬੰਨ੍ਹ ਟੁੱਟਣ ਕਾਰਨ ਪਾਣੀ 'ਚ ਡੁੱਬੇ ਪਿੰਡ: ਚਾਂਦਪੁਰਾ ਬੰਨ੍ਹ ਟੁੱਟਣ ਅਤੇ ਘੱਗਰ ਦਾ ਬੰਨ੍ਹ ਟੁੱਟਣ ਕਾਰਨ ਮਾਨਸਾ ਜ਼ਿਲ੍ਹੇ ਦੇ ਕਈ ਪਿੰਡ ਪਾਣੀ ਦੀ ਚਪੇਟ ਵਿੱਚ ਆ ਗਏ ਹਨ। ਹੁਣ ਤੱਕ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਬਬਨਪੁਰ ਗੋਰਖਨਾਥ ਚੱਕ ਅਲੀਸ਼ੇਰ ਬਾਵਾ ਰਿਉਦ ਕੁਲਰੀਆਂ ਆਦਿ ਪਿੰਡ ਪਾਣੀ ਦੇ ਨਾਲ ਘਿਰੇ ਹੋਏ ਹਨ। ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਡੀਆਰਐਫ ਦੇ ਨਾਲ ਆਰਮੀ ਦੀਆਂ ਟੀਮਾਂ ਪਿੰਡਾਂ ਦੇ ਵਿੱਚ ਆਪਣੀ ਕਿਸ਼ਤੀਆਂ ਰਾਹੀਂ ਰੈਸਕਿਊ ਕਰਕੇ ਪਾਣੀ ਵਿੱਚ ਫਸੇ ਹੋਏ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ। ਲੋਕਾਂ ਦੇ ਤੱਕ ਖਾਣ-ਪੀਣ ਦੀ ਸਮੱਗਰੀ ਵੀ ਪਹੁੰਚਾਈ ਜਾ ਰਹੀ ਹੈ।
ਪਾਣੀ 'ਚ ਡੁੱਬੇ ਮਾਨਸਾ ਦੇ ਕਈ ਪਿੰਡ, ਐੱਨਡੀਆਰਐਫ ਦੀਆਂ ਟੀਮਾਂ ਕਰ ਰਹੀਆਂ ਨੇ ਰੈਸਕਿਊ - NDRF teams doing rescue
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਨੇ ਤਬਾਹੀ ਮਚਾਈ ਹੈ ਅਤੇ ਕਈ ਇਲਾਕਿਆਂ ਵਿੱਚ ਪਾਣੀ ਉਤਰਨਾ ਸ਼ੁਰੂ ਹੋ ਚੁੱਕਾ ਹੈ। ਜੇਕਰ ਗੱਲ ਕਰੀਏ ਮਾਨਸਾ ਦੀ ਤਾਂ ਜ਼ਿਲ੍ਹੇ ਦੇ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਨੇ। ਲੋਕਾਂ ਦੀ ਮਦਦ ਲਈ ਐੱਨਡੀਆਰਐੱਫ ਦੀਆਂ ਟੀਮਾਂ ਨੂੰ ਲਾਇਆ ਗਿਆ ਹੈ।
ਸਥਾਨਕਵਾਸੀ ਕਰ ਰਹੇ ਨੇ ਉਪਰਾਲੇ: ਪਿੰਡ ਰਿਉਂਦ ਦੇ ਵਿੱਚ ਲੋਕਾਂ ਨੇ ਪਾਣੀ ਤੋਂ ਬਚਣ ਦੇ ਲਈ ਘਰਾਂ ਅੱਗੇ ਬੰਨ੍ਹ ਲਗਾ ਲਏ ਹਨ ਅਤੇ ਪਾਣੀ ਪਿੰਡ ਦੇ ਵਿੱਚ ਦਾਖਿਲ ਨਾ ਹੋਵੇ ਇਸ ਲਈ ਸੜਕ ਨੂੰ ਤੋੜ ਕੇ ਦੂਸਰੀ ਸਾਇਡ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੇਸ਼ੱਕ ਸਰਕਾਰ ਦੇ ਨੁਮਾਇੰਦੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲੋਕਾਂ ਦੇ ਵਿੱਚ ਗੁੱਸਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਸ ਤੋਂ ਪਹਿਲਾਂ ਕੁਝ ਕੀਤਾ ਹੁੰਦਾ ਤਾਂ ਸ਼ਾਇਦ ਅਜਿਹੇ ਹਾਲਾਤ ਨਾ ਬਣਦੇ। ਉੱਥੇ ਹੀ ਲੋਕਾਂ ਨੇ ਕਿਹਾ ਕਿ ਹਾਲਾਤ ਇਸ ਵਾਰ ਬਹੁਤ ਹੀ ਮਾੜੇ ਹਨ ਅਤੇ 1993 ਦੇ ਵੇਲੇ ਆਏ ਹੜ੍ਹਾਂ ਤੋਂ ਵੀ ਜ਼ਿਆਦਾ ਇਸ ਵਕਤ ਪਾਣੀ ਮਾਰ ਕਰ ਰਿਹਾ ਹੈ। ਜਿਲ੍ਹਾ ਪ੍ਰਸ਼ਾਸਨ ਵੱਲੋਂ ਅਗਲੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਕੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਕਿਉਂਕਿ ਪਾਣੀ ਦਾ ਵਹਾ ਤੇਜ਼ ਹੋਣ ਦੇ ਕਾਰਨ ਪਾਣੀ ਨੂੰ ਰੋਕਣ ਦਾ ਕੋਈ ਵੀ ਇੰਤਜ਼ਾਮ ਨਹੀ। ਬੇਸ਼ੱਕ ਲੋਕ ਆਪਣੀ ਪੱਧਰ ਉੱਤੇ ਟਰੈਕਟਰਾਂ ਦੇ ਨਾਲ ਮਿੱਟੀ ਦੇ ਬੰਨ੍ਹ ਲਗਾ ਰਹੇ ਹਨ। ਉੱਥੇ ਹੀ ਲੋਕ ਜ਼ਿਲਾ ਪ੍ਰਸ਼ਾਸ਼ਨ ਅਤੇ ਸਰਕਾਰ ਤੋਂ ਵੀ ਮਦਦ ਦੀ ਮੰਗ ਕਰ ਰਹੇ ਹਨ ਕਿਉਂਕਿ ਲੋਕਾਂ ਦੇ ਕੋਲ ਕੋਈ ਪ੍ਰਬੰਧ ਨਾ ਹੋਣ ਕਾਰਨ ਉਹਨਾਂ ਨੂੰ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਸਥਾਨਾਂ ਵੱਲ ਜਾਣਾ ਪੈ ਰਿਹਾ ਹੈ।