ਮਾਨਸਾ: ਖੇਤੀ ਕਾਨੂੰਨਾਂ ਦੇ ਖਿਲਾਫ ਵਿੱਢੇ ਅੰਦੋਲਨ 'ਚ ਕਿਸਾਨ ਡੱਟੇ ਹੋਏ ਹਨ, ਪਰ ਇਸ ਕਿਸਾਨ ਅੰਦੋਲਨ ਦੌਰਾਨ ਮੌਤਾਂ ਦਾ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ। ਇਸ ਅੰਦੋਲਨ ਦੌਰਾਨ ਇੱਕ ਹੋਰ ਮਜ਼ਦੂਰ ਮਹਿਲਾ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।
ਮਾਨਸਾ ਦੀ ਇੱਕ ਮਜ਼ਦੂਰ ਮਹਿਲਾ ਦੀ ਹੋਈ ਮੌਤ ਮ੍ਰਿਤਕ ਮਹਿਲਾ ਦੀ ਪਛਾਣ 70 ਸਾਲਾ ਮਲਕੀਤ ਕੌਰ ਵਾਰਡ ਨੰਬਰ 7 ਦੀ ਵਸਨੀਕ ਵਜੋਂ ਹੋਈ ਹੈ। ਮ੍ਰਿਤਕਾ ਮਜ਼ਦੂਰ ਮੁਕਤੀ ਮੋਰਚਾ ਸੰਗਠਨ ਨਾਲ ਦਿੱਲੀ ਵਿਖੇ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਕਰਨ ਗਈ ਸੀ। ਮਲਕੀਤ ਦੀ ਮੌਤ ਦੀ ਖ਼ਬਰ ਤੋਂ ਬਾਅਦ ਇਲਾਕੇ 'ਚ ਸੋਗ ਦਾ ਮਾਹੌਲ ਹੈ।
ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਭਗਵੰਤ ਸਮਾਓ ਨੇ ਦੱਸਿਆ ਕਿ ਦਿੱਲੀ ਕਿਸਾਨ ਅੰਦੋਲਨ ਤੋਂ ਵਾਪਸ ਪਰਤਦੇ ਹੋਏ ਹਰਿਆਣਾ, ਫ਼ਤਿਹਾਬਾਦ 'ਚ ਲੰਗਰ ਖਾਣ ਦੇ ਲਈ ਸੜਕ ਪਾਰ ਕਰਦੇ ਸਮੇਂ ਮਲਕੀਤ ਕੌਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਿਸਾਨ ਆਗੂਆਂ ਨੇ ਕਿਸਾਨ ਅੰਦੋਲਨ ਦੌਰਾਨ ਹੋਈਆਂ ਮੌਤਾਂ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਉਹ ਮ੍ਰਿਤਕ ਮਹਿਲਾ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਡੀਸੀ ਨੂੰ ਮੰਗ ਪੱਤਰ ਸੌਂਪ ਚੁੱਕੇ ਹਨ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਿਆਂ ਜਾਣਗੀਆਂ ਉਦੋਂ ਤੱਕ ਬਜ਼ੁਰਗ ਮਹਿਲਾ ਦਾ ਅੰਤਮ ਸਸਕਾਰ ਨਹੀਂ ਕੀਤਾ ਜਾਵੇਗਾ।
ਸੀਪੀਆਈ ਐਮਐਲ ਲਿਬਰੇਸ਼ਨ ਦੇ ਆਗੂ ਰਾਜਵਿੰਦਰ ਰਾਣਾ ਨੇ ਬਜ਼ੁਰਗ ਮਹਿਲਾ ਦੀ ਮੌਤ 'ਤੇ ਸੋਗ ਪ੍ਰਗਟਾਉਂਦੇ ਹੋਏ ਦੱਸਿਆ ਕਿ ਮਲਕੀਤ ਕੌਰ ਲੰਬੇ ਸਮੇਂ ਤੋਂ ਸੰਗਠਨ ਨਾਲ ਜੁੜੇ ਹੋਏ ਸਨ। ਜ਼ਮੀਨ ਨਾ ਹੋਣ ਤੇ ਕਰਜ਼ੇ ਦੇ ਚਲਦੇ ਆਰਥਿਕ ਤੰਗੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਿਸਾਨਾਂ ਨਾਲ ਸੰਘਰਸ਼ 'ਚ ਸ਼ਮੂਲੀਅਤ ਕੀਤੀ। ਉਨ੍ਹਾਂ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਤਾਂ ਜੋ ਅੰਦੋਲਨ 'ਤੇ ਬੈਠੇ ਕਿਸਾਨ ਆਪਣੇ ਘਰਾਂ ਨੂੰ ਪਰਤ ਸਕਣ। ਉਨ੍ਹਾਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਅੰਦੋਲਨ 'ਚ ਹੋ ਰਹੀਆਂ ਮੌਤਾਂ 'ਤੇ ਕੇਂਦਰ ਸਰਕਾਰ ਖਾਮੋਸ਼ ਹੈ ਤੇ ਮੂਕ ਦਰਸ਼ਕ ਬਣੀ ਬੈਠੀ ਹੈ। ਅਜੇ ਤੱਕ ਕਿਸੇ ਵੀ ਕੇਂਦਰੀ ਮੰਤਰੀ ਦੇ ਬਿਆਨਾਂ 'ਚ ਮੌਤਾਂ ਦਾ ਜ਼ਿਕਰ ਨਹੀਂ ਹੈ।