ਮਾਨਸਾ: ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ ਜਿਸ ਦੌਰਾਨ ਮਾਨਸਾ ਸ਼ਹਿਰ ਦੀ ਇੱਕ ਔਰਤ ਦੀ ਸਮੇਂ ਸਿਰ ਹਸਪਤਾਲ ਨਾ ਪਹੁੰਚਣ 'ਤੇ ਮੌਤ ਹੋ ਗਈ। ਮ੍ਰਿਤਕ ਦਾ ਨਾਂਅ ਕੰਚਨ ਗੋਇਲ ਤੇ ਉਮਰ 40 ਦੱਸੀ ਜਾ ਰਹੀ ਹੈ।
ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਕੰਚਨ ਕੁਝ ਦਿਨਾਂ ਬਿਮਾਰ ਸੀ ਤੇ ਬੀਤੇ ਦਿਨੀਂ ਹੀ ਉਹ ਨਿੱਜੀ ਹਸਪਤਾਲ ਤੋਂ ਚੈੱਕਅਪ ਕਰਵਾ ਕੇ ਤੇ ਦਵਾਈ ਲੈ ਕੇ ਆਈ ਸੀ ਜਿਸ ਤੋਂ ਬਾਅਦ ਕੰਚਨ ਨੇ ਡਾਕਟਰ ਵੱਲੋਂ ਦਿੱਤੀ ਦਵਾਈ ਦੀ ਪਹਿਲੀ ਖੁਰਾਕ ਖਾਦੀ ਤਾਂ ਰਾਤ ਨੂੰ ਹੀ ਕੰਚਨ ਦੀ ਹਾਲਾਤ ਖ਼ਰਾਬ ਹੋਣ ਲੱਗ ਗਈ। ਉਸ ਮਗਰੋਂ ਫਿਰ ਕੰਚਨ ਨੂੰ ਨਿੱਜੀ ਹਸਪਤਾਲ 'ਚ ਲੈ ਕੇ ਗਏ ਤਾਂ ਉੱਥੇ ਮੌਜੂਦਾਂ ਸਮੇਂ 'ਚ ਕੋਈ ਡਾਕਟਰ ਨਹੀਂ ਸੀ ਡਾਕਟਰ ਮੌਜੂਦ ਨਾ ਹੋਣ ਨਾਲ ਫਿਰ ਕੰਚਨ ਨੂੰ ਸਰਕਾਰੀ ਸਿਵਲ ਹਸਪਤਾਲ 'ਚ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਜਵਾਬ ਦੇ ਦਿੱਤਾ।
ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲ ਵੱਲੋਂ ਜੋ ਦਵਾਈ ਦਿੱਤੀ ਗਈ ਸੀ ਉਹ ਗਲ਼ਤ ਦਵਾਈ ਸੀ ਜਿਸ ਨਾਲ ਉਸ ਦੀ ਹਾਲਾਤ ਖ਼ਰਾਬ ਹੋਈ ਸੀ।
ਇਹ ਵੀ ਪੜ੍ਹੋ:ਲੌਕਡਾਊਨ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਨੂੰ ਨਹੀਂ ਮਿਲ ਰਿਹਾ ਰਾਸ਼ਨ
ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਹੋਣ ਨਾਲ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਣ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਦੱਸਿਆ ਕਿ ਲੌਕਡਾਊਨ ਹੋਣ ਨਾਲ ਨਿੱਜੀ ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਆ ਰਹੇ ਜਿਸ ਨਾਲ ਲੋਕਾਂ ਕਈ ਦਿੱਕਤਾਂ ਤੋਂ ਲੰਘਣਾ ਪੈ ਰਿਹਾ ਹੈ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਲੌਕਡਾਊਨ ਦੌਰਾਨ ਨਿੱਜੀ ਹਸਪਤਾਲਾਂ ਦੀ ਸਾਰ ਲੈਣ ਤਾਂਕਿ ਕਿਸੇ ਹੋਰ ਵਿਅਕਤੀ ਨੂੰ ਉਹ ਗਲ਼ਤ ਦਵਾਈ ਨਾ ਦੇਣ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਨੂੰ ਕੇਂਦਰ ਸਰਕਾਰ ਨੇ 14 ਅਪ੍ਰੈਲ ਤੱਕ ਲੌਕਡਾਊਨ ਕਰ ਦਿੱਤਾ ਹੈ ਜਿਸ ਕਰਕੇ ਲੋਕਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਹੈ। ਲੋਕਾਂ ਨੂੰ ਬਾਹਰ ਨਾ ਨਿਕਲਣ ਦੇਣ ਲਈ ਸੂਬਾ ਸਰਕਾਰਾਂ ਦੇ ਨਿਰਦੇਸ਼ਾਂ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਾਕਾਬੰਦੀ ਕੀਤੀ ਗਈ। ਇਸ ਦੇ ਨਾਲ ਹੀ ਫੈਕਟਰੀਆਂ, ਜਨਤਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਹੈ ਸਿਰਫ਼ ਹਸਪਤਾਲਾਂ ਤੇ ਮੈਡੀਕਲ ਸਟੋਰਾਂ ਨੂੰ ਖੁੱਲੇ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ।