ਮਾਨਸਾ ਦਾ ਪਿੰਡ ਕੱਲੋ ਹੋਇਆ ਨਸ਼ਾ ਮੁਕਤ ਮਾਨਸਾ: ਨੌਜਵਾਨਾਂ ਵੱਲੋਂ ਨਸ਼ਿਆਂ ਦੇ ਖਿਲਾਫ ਪਿੰਡਾਂ ਦੇ ਵਿੱਚ ਬਣਾਈਆਂ ਗਈਆਂ ਕਮੇਟੀਆਂ ਦੇ ਚਲਦਿਆਂ ਮਾਨਸਾ ਜ਼ਿਲ੍ਹੇ ਦਾ ਕੱਲੋ ਪਿੰਡ ਨਸ਼ਾ ਮੁਕਤ (kallo village of Mansa became drug free) ਕਰ ਦਿੱਤਾ ਗਿਆ। ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਕੱਲੋ ਵਿਖੇ ਨਸ਼ੇ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਤੋਂ ਮਗਰੋਂ ਮੁਹਿੰਮ ਨੂੰ ਇਸ ਤਰ੍ਹਾਂ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਗਿਆ।
ਨਸ਼ਿਆਂ ਦੇ ਖਿਲਾਫ ਮੁਹਿੰਮ: ਦੱਸ ਦਈਏ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਛੇੜੀ ਗਈ ਹੈ ਅਤੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਦੇ ਹਵਾਲੇ ਕੀਤਾ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਕੱਲੋ ਦੀ ਪੰਚਾਇਤ ਵੱਲੋਂ ਨੌਜਵਾਨਾਂ ਦੀ ਬਣਾਈ ਗਈ ਨਸ਼ਾ ਵਿਰੋਧੀ ਕਮੇਟੀ ਦੇ ਸਹਿਯੋਗ ਨਾਲ ਪਿੰਡ ਨੂੰ ਨਸ਼ਾ ਮੁਕਤ ਕਰ ਦਿੱਤਾ ਗਿਆ ਅਤੇ ਪਿੰਡ ਦੇ ਜੋ ਨੌਜਵਾਨ ਨਸ਼ੇ ਦੇ ਵਿੱਚ ਗ੍ਰਸਤ ਸਨ, ਉਨ੍ਹਾਂ ਨੌਜਵਾਨਾਂ ਨੂੰ ਨਸ਼ਾ ਛੁਡਾਊ ਸੈਂਟਰਾਂ ਵਿੱਚ ਭਰਤੀ ਕਰਵਾਉਣ ਤੋਂ ਬਾਅਦ ਨਸ਼ਾ ਮੁਕਤ ਕਰਵਾ ਦਿੱਤਾ ਗਿਆ।
ਪਰਵਿੰਦਰ ਝੋਟਾ ਨੇ ਕੀਤੀ ਪਿੰਡ ਵਾਸੀਆਂ ਦੀ ਸ਼ਲਾਘਾ ਪਰਵਿੰਦਰ ਝੋਟਾ ਦਾ ਧੰਨਵਾਦ:ਇਸ ਸਬੰਧੀ ਪਿੰਡ ਦੇ ਸਰਪੰਚ ਸੰਜੀਵ ਕੁਮਾਰ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਪਿੰਡ ਵਿੱਚ ਨਸ਼ੇ ਦੀ ਵਿਕਰੀ ਸੀ ਅਤੇ ਪਿੰਡ ਦੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਧੱਸ ਚੁੱਕੇ ਸਨ। ਇਸ ਤੋਂ ਮਗਰੋਂ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੀ ਪ੍ਰੇਰਨਾ ਸਦਕਾ ਪਿੰਡ ਦੇ ਵਿੱਚ ਨਸ਼ਾ ਵਿਰੋਧੀ ਕਮੇਟੀ ਬਣਾਈ ਗਈ ਅਤੇ ਇਸ ਕਮੇਟੀ ਵੱਲੋਂ ਨਸ਼ਾ ਵੇਚਣ ਵਾਲੇ ਅਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਨਸ਼ਾ ਛੁਡਾਊ ਸੈਂਟਰਾਂ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਵੇਚਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਕੇ ਨਸ਼ਾ ਵੇਚਣ ਤੋਂ ਤੋਬਾ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਪਿੰਡ ਨਸ਼ਾ ਮੁਕਤ ਹੋ ਚੁੱਕਿਆ ਹੈ, ਜਿਸ ਦੇ ਤਹਿਤ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।
ਝੋਟਾ ਨੇ ਕੀਤੀ ਸ਼ਲਾਘਾ: ਨਸ਼ੇ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ (Parvinder Jhota) ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਪਿੰਡ ਕੱਲੋ ਨਸ਼ਾ ਮੁਕਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਨੌਜਵਾਨਾਂ ਵੱਲੋਂ ਕਈ ਨੌਜਵਾਨਾਂ ਨੂੰ ਸੈਂਟਰਾਂ ਵਿੱਚ ਭਰਤੀ ਕਰਵਾ ਕੇ ਨਸ਼ਾ ਵੀ ਛੁਡਵਾਇਆ ਗਿਆ ਹੈ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਵੀ ਸਖ਼ਤ ਤਾੜਨਾ ਕਰਕੇ ਨਸ਼ਾ ਵੇਚਣ ਤੋਂ ਹਟਾਇਆ ਗਿਆ। ਉਹਨਾਂ ਪੰਜਾਬ ਪੁਲਿਸ ਵੱਲੋ ਨਸ਼ਾ ਤਸਕਰਾਂ ਦੀ ਸੀਲ ਕੀਤੀ ਜਾ ਰਹੀ ਪ੍ਰੋਪਰਟੀ ਦੇ ਮਾਮਲੇ ਉੱਤੇ ਬੋਲਦੇ ਹੋਏ ਕਿਹਾ ਕਿ ਜੇਕਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਸੀਲ ਕੀਤੀਆਂ ਜਾ ਰਹੀਆਂ ਹਨ ਤਾਂ ਚੰਗੀ ਗੱਲ ਹੈ ਪਰ ਹੋਰ ਵੀ ਬਹੁਤ ਵੱਡੇ ਨਸ਼ਾ ਤਸਕਰ ਹਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਵੀ ਸੀਲ ਕੀਤਾ ਜਾਵੇ।