ਮਾਨਸਾ: ਵਿਕਾਸ ਲਈ ਪੰਜਾਬ ਅਤੇ ਕੇਂਦਰ ਸਰਕਾਰ ਦੇ ਕਈ ਪ੍ਰਾਜੈਕਟ ਚੱਲ ਰਹੇ ਹਨ। ਜਿਨ੍ਹਾਂ ਵਿੱਚੋਂ ਨੈਸ਼ਨਲ ਰੋਡ, ਸਟੇਟ ਰੋਡ ਅਤੇ ਨਹਿਰਾਂ ਉੱਤੇ ਪੁੱਲ ਬਣਾਉਣ ਦਾ ਕੰਮ ਚੱਲ ਰਿਹਾ ਹੈ। ਮਾਨਸਾ ਜ਼ਿਲ੍ਹੇ ਵਿੱਚ ਵੀ ਅਜਿਹੇ ਕੰਮ ਜਾਰੀ ਹਨ ਪਰ ਮੁਕੰਮਲ ਨਹੀਂ ਹੋ ਰਹੇ। ਅੱਧ ਵਿਚਾਲੇ ਰੁੱਕੇ ਕੰਮਾਂ ਦੇ ਮੁਕੰਮਲ ਨਾ ਹੋਣ ਦਾ ਕਾਰਨ ਕੋਵਿਡ ਦੀ ਲਾਗ ਦੱਸੀ ਜਾ ਰਹੀ ਹੈ। ਕੋਵਿਡ ਕਾਰਨ ਲੱਗੇ ਲੌਕਡਾਊਨ 'ਚ ਸਾਰੇ ਕੰਮ ਠੱਪ ਹੋਣ 'ਤੇ ਪ੍ਰਵਾਸੀ ਮਜ਼ਦੂਰ ਵਾਪਸ ਆਪਣੇ ਗ੍ਰਹਿ ਸੂਬੇ ਚਲੇ ਗਏ ਜਿਸ ਕਾਰਨ ਪੰਜਾਬ ਵਿੱਚ ਮਜ਼ਦੂਰਾਂ ਦੀ ਘਾਟ ਹੋ ਗਈ ਤੇ ਇਨ੍ਹਾਂ ਨਿਰਮਾਣ ਕਾਰਜਾਂ ਵਿੱਚ ਦੇਰੀ ਹੋ ਗਈ।
ਲਟਕੇ ਨਿਰਮਾਣ ਕਾਰਜਾਂ ਤੋਂ ਪਰੇਸ਼ਾਨ ਸ਼ਹਿਰਵਾਸੀ
ਨਿਰਮਾਣ ਕਾਰਜਾਂ ਵਿੱਚ ਦੇਰੀ ਹੋਣ ਕਾਰਨ ਸਥਾਨਕ ਲੋਕਾਂ ਨੂੰ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਵਿੱਚ-ਵਿਚਾਲੇ ਕੰਮ ਦੇ ਹੋਣ ਕਾਰਨ ਹਰ ਵੇਲੇ ਧੂਲ ਮਿੱਟੀ ਉਡਦੀ ਰਹਿੰਦੀ ਹੈ ਜਿਸ ਕਾਰਨ ਉਨ੍ਹਾਂ ਦੀ ਦੁਕਾਨਾਂ ਦਾ ਕੰਮ ਵੀ ਮੰਦਾ ਚੱਲ ਰਿਹਾ ਹੈ। ਉਨ੍ਹਾਂ ਨੇ ਸਰਕਾਰ ਤੋਂ ਤੁਰੰਤ ਇਨ੍ਹਾਂ ਕੰਮਾਂ ਨੂੰ ਨਿਪਟਾਉਣ ਦੀ ਮੰਗ ਕੀਤੀ ਹੈ।
ਨਿਰਮਾਣ ਕਾਰਜਾਂ ਦੀ ਦੇਰੀ 'ਚ ਸਰਕਾਰ ਦੀ ਨਲੈਕੀ
ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਨਿਰਮਾਣ ਵਿੱਚ ਦੇਰੀ ਹੋਣ ਦਾ ਕਾਰਨ ਕੋਰੋਨਾ ਤਾਂ ਇੱਕ ਛੋਟਾ ਜਿਹਾ ਹਿੱਸਾ ਹੈ ਜਦੋਂ ਕਿ ਸਰਕਾਰ ਦੀ ਆਪਣੀ ਅਣਗਹਿਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਜੋ ਵੀ ਅਧਿਕਾਰੀ ਹਨ ਉਹ ਸਰਕਾਰ ਤੋਂ ਨਹੀਂ ਡਰਦੇ ਅਤੇ ਇਨ੍ਹਾਂ ਕੰਮਾਂ ਨੂੰ ਨਿਪਟਾਉਣ ਦੀ ਤਰਜੀਹ ਵੀ ਨਹੀਂ ਦਿੰਦੇ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਅਧਿਕਾਰੀ ਕਮਿਸ਼ਨ ਲੈ ਕੇ ਏਸੀ ਕਮਰਿਆਂ ਵਿੱਚ ਬੈਠ ਜਾਂਦੇ ਹਨ ਪਰ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਿਪਟਾਉਣ ਦਾ ਕੋਈ ਵੀ ਹੱਲ ਹਿਲਾ ਨਹੀਂ ਕਰਦੇ।